ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ ਦਾ ਆਗਾਜ਼
ਡੀ ਸੀ ਟੀ ਬੈਨਿਥ ਤੇ ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਕੀਤਾ ਉਦਘਾਟਨ
ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ੍ਰੀ ਰਾਜਿੰਦਰ ਗੁਪਤਾ ਅਤੇ ਸੀ ਐੱਸ ਆਰ ਹੈੱਡ ਮਧੂ ਗੁਪਤਾ ਦੀ ਦੂਰਅੰਦੇਸ਼ੀ ਸੋਚ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਟੀ. ਬੈਨਿਥ ਅਤੇ ਗੈਸਟ ਆਫ਼ ਆਨਰ ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਕੀਤਾ। ਇਸ ਮੌਕੇ ਸਾਬਕਾ ਐੱਮ ਪੀ ਰਾਜਦੇਵ ਸਿੰਘ ਖ਼ਾਲਸਾ, ਸਵਾਮੀ ਅੰਮ੍ਰਿਤਾਨੰਦ ਝਲੂਰ ਧਾਮ ਵਾਲੇ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਤੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਸੀ ਐੱਮ ਸੀ ਹਸਪਤਾਲ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰਡੈਂਟ ਡਾ. ਐਲਨ ਜੋਜ਼ਫ਼, ਸੀਨੀਅਰ ਐਡਵੋਕੇਟ ਰਾਹੁਲ ਗੁਪਤਾ, ਆਸਥਾ ਐਨਕਲੇਵ ਦੇ ਐੱਮ ਡੀ ਦੀਪਕ ਬਾਂਸਲ ਸੋਨੀ ਅਤੇ ਰਾਜੀਵ ਲੂਬੀ ਆਦਿ ਹਾਜ਼ਰ ਸਨ।
ਡੀ ਸੀ ਨੇ ਕਿਹਾ ਕਿ ਸਿਹਤਮੰਦ ਸਮਾਜ ਹੀ ਤਰੱਕੀ ਦੀ ਨੀਂਹ ਹੁੰਦਾ ਹੈ। ਟਰਾਈਡੈਂਟ ਗਰੁੱਪ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਇਆ ਗਿਆ ਇਹ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਨਾ ਸਿਰਫ਼ ਉਦਯੋਗਿਕ ਖੇਤਰ ਵਿੱਚ ਨਾਮ ਕਮਾ ਰਿਹਾ ਹੈ, ਸਗੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਨਿਭਾ ਰਿਹਾ ਹੈ। ਸਵਾਮੀ ਅੰਮ੍ਰਿਤਾਨੰਦ ਜੀ (ਝਲੂਰ ਧਾਮ ਵਾਲੇ) ਨੇ ਟਰਾਈਡੈਂਟ ਗਰੁੱਪ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਭਰਪੂਰ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਪ੍ਰਮਾਤਮਾ ਦੀ ਸੱਚੀ ਸੇਵਾ ਹੈ।
ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਹ ਕੈਂਪ ਅੱਜ 29 ਅਕਤੂਬਰ ਤੋਂ 5 ਦਸੰਬਰ ਤੱਕ ਚੱਲੇਗਾ। ਮਰੀਜ਼ਾਂ ਦੀ ਰਜਿਸਟਰੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ।

