ਭਾਕਿਯੂ ਡਕੌਂਦਾ ਬੁਰਜਗਿੱਲ ਵੱਲੋਂ ਬਾਨੀ ਪ੍ਰਧਾਨ ਨੂੰ ਸ਼ਰਧਾਂਜਲੀਆਂ
ਬੀਕੇਯੂ ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ 15ਵੀਂ ਬਰਸੀ ਨੂੰ ਸਮਰਪਿਤ ਇੱਥੇ ਸੂਬਾ ਪੱਧਰੀ ਮੀਟਿੰਗ ਕਰ ਕੇ ਸ਼ਰਧਾਂਜਲੀ ਦਿੱਤੀ ਗਈ।
ਜਥੇਬੰਦੀ ਦੇ ਮੌਜੂਦਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਮਹਰੂਮ ਸਾਥੀ ਬਲਕਾਰ ਸਿੰਘ ਡਕੌਂਦਾ ਨੂੰ ਯਾਦ ਕਰਦਿਆਂ ਕਿਹਾ ਕਿ ਮਹਰੂਮ ਸਾਥੀ ਬਲਕਾਰ ਸਿੰਘ ਡਕੌਂਦਾ ਨੇ 2007 ਵਿੱਚ ਜੱਥੇਬੰਦੀ ਦਾ ਮੁੱਢ ਬੰਨ੍ਹਿਆ ਅਤੇ ਬਾਨੀ ਪ੍ਰਧਾਨ ਬਣ ਕੇ ਸੀਮਤ ਸਮੇਂ ਵਿੱਚ ਹੀ ਜਥੇਬੰਦੀ ਨੂੰ ਪੰਜਾਬ ਦੀ ਮੂਹਰਲੀ ਕਤਾਰ ਦੀਆਂ ਜਥੇਬੰਦੀਆਂ ਵਿੱਚ ਖੜ੍ਹਾ ਕਰ ਦਿੱਤਾ। ਆਗੂਆਂ ਨੇ ਉਸ ਦੇ ਸੰਘਰਸ਼ੀ ਜੀਵਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਕਿਹਾ ਕਿ ਉਹ ਭਾਵੇਂ ਸਾਡੇ ਵਿਚਕਾਰ ਨਹੀਂ ਪਰ ਉਸ ਦੀ ਸੋਚ ਹਮੇਸ਼ਾ ਰਾਹ ਦਸੇਰਾ ਬਣੀ ਰਹੇਗੀ। ਉਪਰੰਤ ਭਾਕਿਯੂ ਡਕੌਂਦਾ ਨੇ ਮੀਟਿੰਗ ਕਰ ਅਜੋਕੇ ਸਮੇਂ ਦੇ ਭਖਦੇ ਮੁੱਦੇ ਵਿਚਾਰੇ ਅਤੇ ਸੰਯੁਕਤ ਮੋਰਚੇ ਵੱਲੋਂ ਉਲੀਕੀ ਜ਼ਮੀਨ, ਪਾਣੀ ਤੇ ਪੰਜਾਬ ਬਚਾਉਣ ਦੇ ਨਾਅਰੇ ਹੇਠ 24 ਅਗਸਤ ਦੀ ਮੁੱਲਾਂਪੁਰ ਮੰਡੀ ਲੁਧਿਆਣਾ ਵਿਖੇ ਵੱਡੀ ਕਿਸਾਨ ਰੈਲੀ ਤੇ 30 ਜੁਲਾਈ ਨੂੰ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਪੀੜਤ ਪਿੰਡਾਂ ਵਿੱਚ ਉਲੀਕੇ ਟਰੈਕਟਰ ਮਾਰਚ ਨੂੰ ਸਫ਼ਲ ਬਣਾਉਣ ਲਈ ਯੋਜਨਾਬੰਦੀ ਉਲੀਕੀ। ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਕਮੇਟੀ, ਸਾਰੀਆਂ ਬਲਾਕ ਕਮੇਟੀਆਂ ਭੰਗ ਕਰ ਦੁਬਾਰਾ 22 ਜੁਲਾਈ ਦੀ ਚੋਣ ਰੱਖੀ ਗਈ।