ਅਦਬੀ ਬੈਠਕ ’ਚ ਸੁੰਦਰਪਾਲ ਪ੍ਰੇਮੀ ਨੂੰ ਸ਼ਰਧਾਂਜਲੀਆਂ
ਜੈਤੋ (ਪੱਤਰ ਪ੍ਰੇਰਕ): ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ ਜੈਤੋ ਦੀ ਮਹੀਨਾਵਾਰ ਇਕੱਤਰਤਾ ਇਥੇ ਪੈਨਸ਼ਨਰਜ਼ ਭਵਨ ਵਿੱਚ ਸਾਧੂ ਰਾਮ ਸ਼ਰਮਾ, ਦੌਲਤ ਸਿੰਘ ਅਨਪੜ੍ਹ ਤੇ ਸੁਰਿੰਦਰਪਾਲ ਸਿੰਘ ਝੱਖੜਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਮੰਚ ਦੇ ਸਰਪ੍ਰਸਤ ਤੇ ਉੱਘੇ ਲੇਖਕ ਸੁੰਦਰਪਾਲ ਪ੍ਰੇਮੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਹਰਮੇਲ ਪਰੀਤ, ਸੁੰਦਰ ਸਿੰਘ ਬਾਜਾਖਾਨਾ ਤੇ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਸ੍ਰੀ ਪ੍ਰੇਮੀ ਦੇ ਵਿਅਕਤੀਤਵ ਤੇ ਸਾਹਿਤਕ ਦੇਣ ਨੂੰ ਯਾਦ ਕੀਤਾ। ਇਸ ਤੋਂ ਬਾਅਦ ਮੰਚ ਦੇ ਸਰਪ੍ਰਸਤ ਸਾਧੂ ਰਾਮ ਸ਼ਰਮਾ ਨੂੰ ਉਨ੍ਹਾਂ ਦੇ 87ਵੇਂ ਜਨਮ ਦਿਹਾੜੇ ਮੌਕੇ ਮੁਬਾਰਕਬਾਦ ਦਿੱਤੀ ਗਈ। ਮੰਚ ਵੱਲੋਂ ਜੈਤੋ ਦੇ ਉੱਘੇ ਨਾਟਕਕਾਰ ਜਗਦੇਵ ਢਿੱਲੋਂ ਨਾਲ ਰੂਬਰੂ ਸਮਾਗਮ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਸਰਵ ਸ੍ਰੀ ਮਲਕੀਤ ਕਿੱਟੀ, ਜਰਨੈਲ ਸਿੰਘ ਜਖ਼ਮੀਂ, ਨੈਣਪਾਲ ਸਿੰਘ ਮਾਨ ਰੋੜੀਕਪੂਰਾ, ਸੁਖਪਾਲ ਸਿੰਘ ਚੰਦਭਾਨ, ਹਰਮੇਲ ਪਰੀਤ ਜੈਤੋ ਤੇ ਸਾਧੂ ਰਾਮ ਸ਼ਰਮਾ ਨੇ ਆਪਣਾ ਕਲਾਮ ਸਾਂਝਾ ਕੀਤਾ। ਸੁਰਿੰਦਰਪਾਲ ਸਿੰਘ ਨੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਦੀ ਕਾਵਿ ਰਚਨਾ ਸਾਂਝੀ ਕੀਤੀ।