ਸਿਰਸਾ ’ਚ ਚੌਧਰੀ ਦੇਵੀ ਲਾਲ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ
ਚੌਧਰੀ ਦੇਵੀ ਨੇ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕੀਤਾ: ਅਜੈ ਚੌਟਾਲਾ
ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਮਰਹੂਮ ਤਾਊ ਦੇਵੀ ਲਾਲ ਦਾ ਵੱਖ ਵੱਖ ਥਾਈਂ ਜਨਮ ਦਿਨ ਮਨਾਇਆ ਗਿਆ। ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਜਿਥੇ ਆਪਣੇ ਸਮਰਥਕਾਂ ਨਾਲ ਤਾਊ ਦੇਵੀ ਲਾਲ ਦੀ ਜੈਅੰਤੀ ਮਨਾਈ ਉਥੇ ਜੇਜੇਪੀ ਆਗੂਆਂ ਨੇ ਚੌਧਰੀ ਦੇਵੀ ਲਾਲ ਪਾਰਕ, ਸੀਡੀਐੱਲਯੂ ’ਚ ਦੇਵੀ ਲਾਲ ਦੇ ਬੁੱਤ ’ਤੇ ਹਾਰ ਪਾ ਕੇ ਉਨ੍ਹਾਂ ਨੂੰ ਯਾਦ ਕੀਤਾ।
ਜਨਨਾਇਕ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਤਾਊ ਦੇਵੀ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਚੌਧਰੀ ਦੇਵੀ ਲਾਲ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸਨ ਜਿਨ੍ਹਾਂ ਤੋਂ ਕਦਰਾਂ-ਕੀਮਤਾਂ ਅਤੇ ਆਦਰਸ਼ ਗ੍ਰਹਿਣ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਨੇ ਨਾ ਸਿਰਫ਼ ਸਮਾਜ ਦੇ ਇੱਕ ਖਾਸ ਵਰਗ ਨੂੰ ਲਾਭ ਪਹੁੰਚਾਉਣ ਲਈ, ਸਗੋਂ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾਉਣ ਲਈ ਕੰਮ ਕੀਤਾ। ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵੀ ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ਅਨੁਸਾਰ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੀ ਹੋਈ ਹੈ। ਇਸੇ ਤਰ੍ਹਾਂ ਚੌਧਰੀ ਰਣਜੀਤ ਸਿੰਘ ਨੇ ਆਪਣੇ ਘਰ ’ਚ ਆਪਣੇ ਹਮਾਇਤੀਆਂ ਨਾਲ ਤਾਊ ਦੇਵੀ ਲਾਲ ਦੀ ਜੈਯੰਤੀ ਮਨਾਈ। ਇਸੇ ਤਰ੍ਹਾਂ ਸੀਡੀਐਲਯੂ ਤੇ ਜਨ ਨਾਇਕ ਵਿਦਿਆਪੀਠ ’ਚ ਤਾਊ ਦੇਵੀ ਲਾਲ ਦੇ ਬੁੱਤ ’ਤੇ ਹਾਰ ਪਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸੇ ਤਰ੍ਹਾਂ ਇਨੈਲੋ ਦੇ ਵਰਕਰ ਸਵੇਰੇ ਰੋਹਤਕ ਲਈ ਵੱਡੀ ਗਿਣਤੀ ’ਚ ਰਵਾਨਾ ਹੋਏ।