ਸਹੌਰ 'ਚ ਪੰਜ ਕਿਸਾਨਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮਰਾਂ ਦਾ ਤੇਲ ਤੇ ਤਾਰਾਂ ਚੋਰੀ
ਪਿੰਡ ਸਹੌਰ ’ਚ ਚੋਰਾਂ ਵੱਲੋਂ 5 ਕਿਸਾਨਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮਰਾਂ ਦਾ ਤੇਲ ਤੇ ਤਾਰਾਂ ਚੋਰੀ ਕਰ ਲਈਆਂ ਗਈਆਂ। ਸਰਪੰਚ ਲਖਬੀਰ ਸਿੰਘ, ਕਿਸਾਨ ਗੁਰਧਿਆਨ ਸਿੰਘ, ਗੁਰਪ੍ਰੀਤ ਸਿੰਘ ਅਤੇ ਰਣਧੀਰ ਸਿੰਘ ਨੇ ਦੱਸਿਆ ਕਿ ਪਿੰਡ ਸਹੌਰ ਤੋਂ ਹਮੀਦੀ ਨੂੰ ਜਾਂਦੀ ਲਿੰਕ ਸੜਕ ਤੇ ਹੱਦ 'ਤੇ ਸਥਿਤ ਚੋਰ ਗਰੋਹ ਵੱਲੋਂ ਕਿਸਾਨ ਗੁਰਪ੍ਰੀਤ ਸਿੰਘ ਅਤੇ ਜੰਗ ਸਿੰਘ ਦੇ ਖੇਤ ਵਿਚਲੇ ਟਰਾਂਸਫਾਰਮਰ ਦੀ ਭੰਨਤੋੜ ਕਰਕੇ ਉਸ ਵਿੱਚੋਂ ਤੇਲ ਚੋਰੀ ਕੱਢ ਲਿਆ ਗਿਆ। ਇਸੇ ਤਰ੍ਹਾਂ ਕਿਸਾਨ ਗੁਰਪ੍ਰੀਤ ਸਿੰਘ ਝੱਲੀ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਦੀ ਮੋਟਰ ਤੋਂ ਕੇਬਲ ਤਾਰ ਚੋਰੀ ਕੀਤੀ ਗਈ ਹੈ। ਕਿਸਾਨਾਂ ਨੂੰ ਸਵੇਰੇ ਚੋਰੀ ਦਾ ਪਤਾ ਲੱਗਿਆ, ਜਦੋਂ ਉਹ ਚਾਰਾ ਕੱਟਣ ਅਤੇ ਖੇਤ ਦੀ ਸੰਭਾਲ ਲਈ ਗਏ। ਉਪਰੰਤ ਪੰਚਾਇਤ ਨੇ ਥਾਣਾ ਠੁੱਲੀਵਾਲ ਦੀ ਪੁਲੀਸ ਨੂੰ ਚੋਰੀ ਦੀ ਸੂਚਨਾ ਦਿੱਤੀ।
ਜ਼ਿਕਰਯੋਗ ਹੈ ਕਿ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਹੈ। ਪਿਛਲੇ ਕਰੀਬ 10 ਦਿਨਾਂ ਵਿੱਚ ਮਹਿਲ ਕਲਾਂ ਹਲਕੇ ਵਿੱਚ ਇਹ ਖੇਤਾਂ ਵਿੱਚ ਚੋਰੀ ਦੀ ਪੰਜਵੀਂ ਘਟਨਾ ਹੈ। ਇਸਤੋਂ ਪਹਿਲਾਂ ਪਿੰਡ ਕਿਰਪਾਲ ਸਿੰਘ ਵਾਲਾ, ਲੋਹਗੜ੍ਹ, ਹਮੀਦੀ ਤੋਂ ਇਲਾਵਾ ਚੀਮਾ ਵਿਖੇ ਤਿੰਨ ਘਟਨਾਵਾਂ ਵਾਪਰ ਚੁੱਕੀਆਂ ਹਨ।