ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 14 ਜੁਲਾਈ
ਕੋਟਕਪੂਰਾ ਟ੍ਰੈਫਿਕ ਪੁਲੀਸ ਦੇ ਕਰਮਚਾਰੀਆਂ ਨੇ ਵਰ੍ਹਦੇ ਮੀਂਹ ਵਿੱਚ ਘੰਟਿਆਂਬੱਧੀ ਗੋਡੇ ਗੋਡੇ ਪਾਣੀ ਵਿੱਚ ਖੜ੍ਹ ਕੇ ਆਪਣੀ ਡਿਊਟੀ ਨਿਭਾਈ ਅਤੇ ਬਾਰਿਸ਼ ਦੇ ਬਾਵਜੂਦ ਬੱਤੀਆਂ ਵਾਲੇ ਚੌਕ ਤੋਂ ਬੱਸ ਸਟੈਂਡ ਤੱਕ ਕੋਈ ਜਾਮ ਨਹੀਂ ਲੱਗਣ ਦਿੱਤਾ। ਹਾਲਾਂਕਿ ਆਮ ਦਿਨਾਂ ਵਿੱਚ ਇਥੇ ਅਕਸਰ ਹੀ ਜਾਮ ਰਹਿੰਦਾ ਹੈ। ਬਾਰਿਸ਼ ਵਿੱਚ ਪੁਲੀਸ ਕਰਮਚਾਰੀਆਂ ਨੂੰ ਡਿਊਟੀ ਨਿਭਾਉਂਦੇ ਦੇਖ ਕਈ ਲੋਕਾਂ ਨੇ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਅਤੇ ਉਨ੍ਹਾਂ ਦੀ ਡਿਊਟੀ ਪ੍ਰਤੀ ਤਨਦੇਹੀ ਲਈ ਸ਼ਲਾਘਾ ਕੀਤੀ।
ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਤੋਂ ਹੀ ਮੀਂਹ ਜਾਰੀ ਰਿਹਾ ਅਤੇ ਦੁਪਹਿਰ ਤੱਕ ਸੜਕਾਂ ਉਪਰ ਗੋਡੇ ਗੋਡੇ ਪਾਣੀ ਭਰ ਗਿਆ, ਜਿਸ ਕਾਰਨ ਜਾਮ ਲੱਗਣਾ ਸ਼ੁਰੂ ਹੋ ਗਿਆ। ਸ਼ਹਿਰ ਦੇ ਇਹ ਹਾਲਾਤ ਹੁੰਦੇ ਦੇਖ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਆਪਣੀ ਪੂਰੀ ਟੀਮ ਨਾਲ ਇਥੇ ਪਹੁੰਚ ਗਏ। ਕੋਟਕਪੂਰਾ ਦੇ ਮੁੱਖ ਬੱਤੀਆਂ ਵਾਲਾ ਚੌਕ ਤੋਂ ਲੈ ਕੇ ਬੱਸ ਸਟੈਂਡ ਤੱਕ ਸਾਰੀ ਸੜਕ ਉਪਰ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਪਾਣੀ ਵਿੱਚ ਖੜ੍ਹ ਗਏ ਅਤੇ ਤਿੰਨ ਘੰਟੇ ਦੇ ਕਰੀਬ ਟ੍ਰੈਫਿਕ ਨੂੰ ਬਿਨ੍ਹਾਂ ਰੁਕੇ ਚਲਾਇਆ।