ਇੱਥੇ ਤੜਕਸਾਰ ਡੀਟੂਐੱਮ ਹੋਟਲ ਨੇੜੇ ਦੋ ਢੱਠਿਆਂ ਨਾਲ ਕਾਰਾਂ ਟਕਰਾਉਣ ਨਾਲ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਦੋਂਕਿ ਦੋਵੇਂ ਢੱਠੇ ਮਰ ਗਏ ਹਨ। ਜ਼ਖ਼ਮੀ ਵਿਅਕਤੀਆਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਦੋ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਸ਼ਨਿਚਰਵਾਰ ਵੱਡੇ ਤੜਕੇ ਦੋ ਕਾਰਾਂ ਵਿੱਚ ਕੁੱਝ ਵਿਅਕਤੀ ਡੀਟੂਐੱਮ ਹੋਟਲ ਨੇੜੇ ਤੋਂ ਲੰਘ ਰਹੇ ਸਨ। ਇਸ ਦੌਰਾਨ ਸੜਕ ਦੇ ਵਿਚਕਾਰ ਖੜ੍ਹੇ ਢੱਠਿਆਂ ਨਾਲ ਉਨ੍ਹਾਂ ਦੀਆਂ ਕਾਰਾਂ ਟਕਰਾ ਗਈਆਂ। ਇਸ ਹਾਦਸੇ ਵਿੱਚ ਹਰਪ੍ਰੀਤ ਸਿੰਘ ਵਾਸੀ ਖਾਰਾ, ਰਣਧੀਰ ਸਿੰਘ ਵਾਸੀ ਮਾਨਸਾ ਕੈਂਚੀਆਂ, ਜੋਬਨ ਵਾਸੀ ਭੈਣੀਬਾਘਾ ਦੇ ਸੱਟਾਂ ਲੱਗੀਆਂ। ਇਸ ਹਾਦਸੇ ਮਗਰੋਂ ਜ਼ਖ਼ਮੀਆਂ ਨੂੰ ਪਹਿਲਾਂ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਵਿੱਚ ਉਨ੍ਹਾਂ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਦੋਨੋਂ ਢੱਠੇ ਮਾਰੇ ਗਏ। ਥਾਣਾ ਸਿਟੀ-2 ਮਾਨਸਾ ਦੇ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਇਸ ’ਤੇ ਆਪਣੀ ਕਾਰਵਾਈ ਤੇ ਪੜਤਾਲ ਕਰ ਰਹੀ ਹੈ।
ਹਾਦਸੇ ’ਚ ਤਿੰਨ ਨੌਜਵਾਨ ਜ਼ਖ਼ਮੀ
ਇੱਥੇ ਮਲੋਟ ਰੋਡ ’ਤੇ ਲੰਘੀ ਦੇਰ ਰਾਤ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਕਾਰ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਕੇ ਪਲਟ ਗਈ। ਕਾਰ ’ਚ ਸਵਾਰ ਤਿੰਨ ਨੌਜਵਾਨ ਇਸ ਹਾਦਸੇ ’ਚ ਵਾਲ-ਵਾਲ ਬਚ ਗਏ ਜਦੋਂਕਿ ਕਾਰ ਨੁਕਸਾਨੀ ਗਈ। ਤਿੰਨੋਂ ਨੌਜਵਾਨ ਆਪਣੇ ਚਾਚੇ ਦੇ ਜਨਮ ਦਿਨ ਲਈ ਕੇਕ ਲੈ ਕੇ ਆ ਰਹੇ ਸਨ। ਪਿੰਡ ਗੋਬਿੰਦਗੜ੍ਹ ਦਾ ਰਹਿਣ ਵਾਲਾ ਆਕਾਸ਼ਦੀਪ ਅਤੇ ਉਸ ਦੇ ਦੋ ਦੋਸਤ ਰਾਤ 11 ਵਜੇ ਦੇ ਕਰੀਬ ਮਲੋਟ ਰੋਡ ਤੋਂ ਕੇਕ ਲੈ ਕੇ ਕਾਰ ਵਿੱਚ ਵਾਪਸ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਇੱਕ ਮੋਟਰਸਾਈਕਲ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਦਰੱਖਤ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਹਾਦਸੇ ਵਿੱਚ ਆਕਾਸ਼ਦੀਪ ਨੂੰ ਸੱਟਾਂ ਲੱਗੀਆਂ ਹਨ ਜਦੋਂਕਿ ਉਸ ਦੇ ਸਾਥੀ ਵਾਲ-ਵਾਲ ਬਚ ਗਏ। ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।