ਹੈਰੋਇਨ ਤੇ ਕਾਰ ਸਣੇ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ
ਅਪਰੇਸ਼ਨ ਟ੍ਰੈਕਡਾਊਨ ਤਹਿਤ ਸੀ ਆਈ ਏ ਡੱਬਵਾਲੀ ਪੁਲੀਸ ਨੇ ਕਰੀਬ ਸਵਾ ਕਰੋੜ ਰੁਪਏ ਕੀਮਤ ਦੀ 256.13 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਗੱਡੀ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਪਿੱਤਾ ਤੇ ਗੁਰਵਿੰਦਰ ਸਿੰਘ...
ਅਪਰੇਸ਼ਨ ਟ੍ਰੈਕਡਾਊਨ ਤਹਿਤ ਸੀ ਆਈ ਏ ਡੱਬਵਾਲੀ ਪੁਲੀਸ ਨੇ ਕਰੀਬ ਸਵਾ ਕਰੋੜ ਰੁਪਏ ਕੀਮਤ ਦੀ 256.13 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਗੱਡੀ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਪਿੱਤਾ ਤੇ ਗੁਰਵਿੰਦਰ ਸਿੰਘ ਉਰਫ ਗਿੰਨੀ ਵਾਸੀ ਪਿੰਡ ਭਾਗੀ ਬਾਂਦਰ (ਬਠਿੰਡਾ) ਅਤੇ ਰਾਜਬੀਰ ਸਿੰਘ ਉਰਫ ਗੋਰਾ ਵਾਸੀ ਮਾਇਸਰਖਾਨਾ (ਬਠਿੰਡਾ) ਵਜੋਂ ਹੋਈ ਹੈ। ਡੱਬਵਾਲੀ ਦੇ ਡੀ ਐੱਸ ਪੀ (ਐੱਚ) ਕਪਿਲ ਅਹਿਲਾਵਤ ਨੇ ਦੱਸਿਆ ਕਿ ਏ ਐੱਸ ਆਈ ਪਾਲਾਰਾਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਇਹ ਤਸਕਰ ਸਕਾਰਪਿਓ ਗੱਡੀ ਰਾਹੀਂ ਨਸ਼ਾ ਤਸਕਰੀ ਦੀ ਤਿਆਰੀ ਵਿੱਚ ਹਨ। ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਘੇਰਾਬੰਦੀ ਕਰਕੇ ਗੱਡੀ ਦੀ ਤਲਾਸ਼ੀ ਲਈ। ਇਸ ਦੌਰਾਨ 256.13 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਤਿੰਨਾਂ ਖ਼ਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਥਾਣਾ ਸ਼ਹਿਰ ਵਿੱਚ ਮਾਮਲਾ ਦਰਜ ਕੀਤਾ ਹੈ। ਡੀ ਐੱਸ ਪੀ ਨੇ ਦੱਸਿਆ ਕਿ ਤਸਕਰਾਂ ਖਿਲਾਫ਼ ਕਤਲ, ਅਸਲਾ ਐਕਟ ਤੇ ਐੱਨ ਡੀ ਪੀ ਐੱਸ ਐਕਟ ਦੇ ਮਾਮਲੇ ਪੰਜਾਬ ਤੇ ਹਰਿਆਣਾ ਵਿੱਚ ਦਰਜ ਹਨ।
ਮੁੱਖ ਤਸਕਰ ਫਿਰੋਜ਼ਪੁਰ ਤੋਂ ਕਾਬੂ
ਇਸੇ ਦੌਰਾਨ ਗੋਲ ਬਾਜ਼ਾਰ ਚੌਕੀ ਨੇ ਅਪਰੇਸ਼ਨ ਟ੍ਰੈਕਡਾਊਨ’ ਤਹਿਤ ਕਰੀਬ 262 ਗ੍ਰਾਮ ਹੈਰੋਇਨ ਮਾਮਲੇ ਦੇ ਮੁੱਖ ਤਸਕਰ ਨੂੰ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਦਵਿੰਦਰ ਸਿੰਘ ਉਰਫ ਗੋਰਾ ਵਾਸੀ ਫੱਤੂਵਾਲਾ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਕਿੱਲਿਆਂਵਾਲੀ ਰੋਡ ’ਤੇ ਨਾਕਾਬੰਦੀ ਦੌਰਾਨ ਕੁਲਦੀਪ ਸਿੰਘ ਉਰਫ ਵਿੱਕੀ ਵਾਸੀ ਕਿੱਲਿਆਂਵਾਲੀ ਤੋਂ ਹੈਰੋਇਨ ਬਰਾਮਦ ਕੀਤੀ ਸੀ ਜਿਸ ਮਾਮਲੇ ’ਚ ਇਹ ਗ੍ਰਿਫ਼ਤਾਰੀ ਹੋਈ ਹੈ।

