ਪਿੰਡ ਮਾੜੀ ਮੁਸਤਫ਼ਾ ਵਿੱਚ ਕਾਰੋਬਾਰੀ ’ਤੇ ਪੈਟਰੋਲ ਬੰਬ ਸੁੱਟਣ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਮਾਮਲੇ ’ਚ ਵਿਦੇਸ਼ ਵਿੱਚ ਬੈਠੇ ਦੋ ਗੈਂਗਸਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਥੇ ਐੱਸ ਐੱਸ ਪੀ ਅਜੇ ਗਾਂਧੀ, ਡੀ ਐੱਸ ਪੀ ਸੁਖਅੰਮ੍ਰਿਤ ਸਿੰਘ ਰੰਧਾਵਾ, ਬਾਘਾਪੁਰਾਣਾ ਡੀ ਐੱਸ ਪੀ ਦਲਬੀਰ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਮਾੜੀ ਮੁਸਤਫ਼ਾ ਵਿਚ 25 ਅਕਤੂਬਰ ਨੂੰ ਕਾਰੋਬਾਰੀ ’ਤੇ ਪੈਟਰੋਲ ਬੰਬ ਸੁੱਟਣ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਸੀ ਆਈ ਏ ਸਟਾਫ਼ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ, ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ 48 ਘੰਟਿਆਂ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਗੋਰਾ, ਵੰਨਤਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਗੋਰਾ ਤਿੰਨੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਜਿਊਣਵਾਲਾ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਵਿੱਚ ਇੱਕ ਕਾਲਜ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਮੁਲਜ਼ਮ ਵਿਦੇਸ਼ ’ਚ ਬੈਠੇ ਗੈਂਗਸਟਰ ਸੰਨਦੀਪ ਸਿੰਘ ਉਰਫ਼ ਸੰਨੀ ਪਿੰਡ ਮਾੜੀ ਮੁਸਤਫ਼ਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾਂ ਪਿੰਡ ਜਿਊਣਵਾਲਾ ਦੇ ਸੰਪਰਕ ਵਿੱਚ ਸਨ ਅਤੇ ਉਸ ਦੇ ਕਹਿਣ ਉੱਤੇ ਦਹਿਸ਼ਤ ਫਿਲਾਉਣ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸੰਨਦੀਪ ਸਿੰਘ ਉਰਫ਼ ਸੰਨੀ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਖ਼ਿਲਾਫ਼ ਪਹਿਲਾਂ ਵੀ ਸੰਗੀਨ ਅਪਰਾਧ ਹੇਠ ਵੱਖ ਵੱਖ ਥਾਵਾਂ ਉੱਤੇ ਕੇਸ ਦਰਜ ਹਨ।
ਜਾਣਕਾਰੀ ਅਨੁਸਾਰ ਸੂਬੇ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਰੋਬਾਰੀ ਤੇ ਹੋਰ ਅਮੀਰ ਲੋਕਾਂ ਨੂੰ ਫੋਨ ਕਾਲ ਦੇ ਜ਼ਰੀਏ ਡਰਾ-ਧਮਕਾ ਕੇ ਫ਼ਿਰੌਤੀ ਮੰਗਣ ਅਤੇ ਫ਼ਿਰੌਤੀ ਨਾ ਦੇਣ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲਈ ਰਹੀਆਂ। ਵਿਦੇਸ਼ਾਂ ’ਚ ਬੈਠੇ ਗੈਂਗਸਟਰ ਵਾਰਦਾਤਾਂ ਕਰਨ ਲਈ ਨੌਜਵਾਨਾਂ ਜ਼ਰੀਏ ਗਰੋਹ ਚਲਾ ਰਹੇ ਹਨ। ਉਹ ਕਾਰੋਬਾਰੀਆਂ, ਡਾਕਟਰਾਂ ਤੇ ਹੋਰ ਧਨਾਢ ਲੋਕਾਂ ਨੂੰ ਫ਼ਿਰੌਤੀ ਲਈ ਫੋਨ ਕਰਦੇ ਹਨ ਅਤੇ ਫ਼ਿਰੌਤੀ ਨਾ ਦੇਣ ਦੀ ਸੂਰਤ ਵਿਚ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਕਾਰਨ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਹੈ।

