ਸ਼ੇਰਖਾਂ ਵਾਲਾ ’ਚ ਨੌਜਵਾਨ ਦਾ ਕਤਲ ਕਰਨ ਵਾਲੇ ਕਾਬੂ
ਮਾਨਸਾ ਪੁਲੀਸ ਨੇ ਪਿੰਡ ਸ਼ੇਰਖਾਂ ਵਾਲਾ ਵਿੱਚ ਹੋਏ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ’ਚ ਕਸੂਰਵਾਰਾਂ ਨੂੰ ਫੜ ਲਿਆ ਹੈ। ਇਹ ਜਾਣਕਾਰੀ ਅੱਜ ਇਥੇ ਐੱਸਪੀ ਮਨਮੋਹਨ ਸਿੰਘ ਔਲਖ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।
ਸ੍ਰੀ ਔਲਖ ਨੇ ਦੱਸਿਆ ਕਿ 23 ਜੁਲਾਈ ਨੂੰ ਥਾਣਾ ਬੋਹਾ ਦੀ ਪੁਲੀਸ ਨੂੁੰ ਇਤਲਾਹ ਮਿਲੀ ਕਿ ਪਿੰਡ ਸ਼ੇਰ ਖਾਂ ਵਾਲਾ ਨੂੰ ਜਾਂਦੀ ਸੜਕ ਉਤੇ ਪਰਵਿੰਦਰ ਸਿੰਘ (29) ਵਾਸੀ ਸ਼ੇਰਖਾਂ ਵਾਲਾ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਪਾਲ ਸਿੰਘ ਦੇ ਬਿਆਨ ’ਤੇ ਦੇਸਾ ਸਿੰਘ, ਕੇਸਰ ਸਿੰਘ ਵਾਸੀ ਰਿਉਂਦ ਕਲਾਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਉਨ੍ਹਾਂ ਕਿਹਾ ਕਿ ਡੀਐੱਸਪੀ ਬੁਢਲਾਡਾ ਸਿੰਕਦਰ ਸਿੰਘ ਦੀ ਦੇਖ ਰੇਖ ਹੇਠ ਅਤੇ ਮੁੱਖ ਅਫਸਰ ਥਾਣਾ ਬੋਹਾ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵੱਲੋਂ ਮੁਸਤੈਦੀ ਨਾਲ ਕੰਮ ਕਰਦੇ ਹੋਏ ਦੇਸਾ ਸਿੰਘ ਵਾਸੀ ਰਿਉਂਦ ਕਲਾਂ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਸੁਨਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਪਰਵਿੰਦਰ ਸਿੰਘ ਦੀ ਗੱਡੀ ਨਾਲ ਦੇਸਾ ਸਿੰਘ ਦੇ ਭਰਾ ਬਹਾਲ ਸਿੰਘ ਦੀ ਗੱਡੀ ਨਾਲ ਐਕਸੀਡੈਟ ਹੋਣ ਕਰਕੇ ਬਹਾਲ ਸਿੰਘ ਦੀ ਮੌਤ ਹੋ ਗਈ ਸੀ, ਜਿਸ ਕਰਕੇ ਦੇਸਾ ਸਿੰਘ ਉਕਤਾਨ ਪਰਵਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਬੈਂਕ ’ਚੋਂ ਸੋਨਾ ਚੋਰੀ ਕਰਨ ਵਾਲਾ ਚਪੜਾਸੀ ਕਾਬੂ
ਐੱਸਪੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਬੁਢਲਾਡਾ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਬੈਂਕ ਦੇ ਲੋਕਰ ਵਿੱਚ 36 ਤੋਲੇ ਸੋਨਾ (ਕੀਮਤ 37 ਲੱਖ ਰੁਪਏ) ਬੈਂਕ ਦੇ ਚੌਕੀਦਾਰ ਗੁਰਪ੍ਰੀਤ ਸਿੰਘ ਵੱਲੋਂ ਚੋਰਾ ਕੀਤਾ ਗਿਆ ਸੀ। ਪੁਲੀਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੇ ਸੋਨੇ ਵਿੱਚੋਂ 174 ਗ੍ਰਾਮ 680 ਮਿਲੀਗ੍ਰਾਮ ਬਰਾਮਦ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬਾਕੀ ਬੱਚਦਾ ਸੋਨਾ 179 ਗ੍ਰਾਮ 99 ਮਿਲੀਗ੍ਰਾਮ ਇੱਕ ਬੈਂਕ ਕੋਲ ਰੱਖਿਆ ਹੈ, ਜੋ ਬੈਂਕ ਨੂੰ ਸੋਨਾ ਬਰਾਮਦ ਕਰਵਾਉਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।