ਇਹ ਕੈਸਾ ਜਹਾਂ: ਬਾਵਰੀਆ ਬਸਤੀ ’ਚ ਮੁਸੀਬਤਾਂ ਦਾ ਵਾਸਾ
ਫ਼ਾਜ਼ਿਲਕਾ ਦੀ ਬਾਵਰੀਆ ਕਲੋਨੀ ਦੇ ਲੋਕ ਮੁੱਢਲੀਆਂ ਸਹੂਲਤਾਂ ਜਿਵੇਂ ਥਾਂ-ਮਕਾਨ, ਬਿਜਲੀ, ਪਾਣੀ ਤੇ ਪਖਾਨਿਆਂ ਤੋਂ ਅੱਜ ਵੀ ਵਾਂਝੇ ਹਨ। ਲੋਕਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਉਹ ਬਿਜਲੀ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਸਾਰ ਸਕਦੇ ਪਰ ਬਾਵਰੀਆ ਕਲੋਨੀ ਦੇ ਨਾਲ ਹੀ ਬਿਜਲੀ ਘਰ ਹੋਣ ਦੇ ਬਾਵਜੂਦ ਇਨ੍ਹਾਂ ਲੋਕਾਂ ਨੂੰ ਬਿਜਲੀ ਦੀ ਸੁਵਿਧਾ ਅੱਜ ਤੱਕ ਨਹੀਂ ਦਿੱਤੀ ਗਈ। ਇੱਥੇ ਕਈ ਦਹਾਕਿਆਂ ਤੋਂ ਵੱਸ ਰਹੀ 85 ਸਾਲਾ ਬਜ਼ੁਰਗ ਔਰਤ ਬਦਾਮੀ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਲੋਨੀ ਵਿੱਚ ਕੁਝ ਸਾਲ ਪਹਿਲਾਂ ਇੰਦਰਾ ਗਾਂਧੀ ਆਵਾਸ ਯੋਜਨਾ ਤਹਿਤ ਮਕਾਨ ਬਣਵਾਏ ਸਨ ਪਰ ਉਹ ਮਕਾਨ ਵੀ ਢਹਿ-ਢੇਰੀ ਹੋ ਗਏ। ਹੁਣ ਦੇਸ਼ ਦੇ ਪੱਕੇ ਵਸਨੀਕ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਰਹਿਣ ਲਈ ਆਪਣੀ ਜਗ੍ਹਾ ਨਹੀਂ ਹੈ। ਇੱਥੋਂ ਦੇ ਰਾਜ ਕੁਮਾਰ, ਘਨ੍ਹੱਈਆ ਕੁਮਾਰ ਅਤੇ ਸੁੱਖੂ ਨੇ ਆਪਣੀ ਨਰਕ ਭਰੀ ਜ਼ਿੰਦਗੀ ਬਾਰੇ ਦੱਸਦਿਆਂ ਕਿਹਾ ਕਿ ਉਹ ਅਜੋਕੇ ਤਕਨੀਕੀ ਯੁੱਗ ਵਿੱਚ ਵੀ ਬਿਨਾਂ ਬਿਜਲੀ ਤੋਂ ਜੀਵਨ ਬਤੀਤ ਕਰ ਰਹੇ ਹਨ। ਮੀਰਾ ਦੇਵੀ, ਰਾਧਾ ਰਾਣੀ ਅਤੇ ਵੱਡੀ ਗਿਣਤੀ ’ਚ ਮੌਜੂਦ ਬਾਵਰੀਆ ਕਲੋਨੀ ਦੇ ਬਾਸ਼ਿੰਦਿਆਂ ਦਾ ਕਹਿਣਾ ਹੈ ਕਿ ਕਲੋਨੀ ਦੀ 400 ਦੇ ਕਰੀਬ ਵੋਟ ਹੈ। ਉਹ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਕਰਦੇ ਹਨ, ਬਦਲੇ ਵਿੱਚ ਸਹੂਲਤਾਂ ਦੇਣ ਦੀ ਬਜਾਇ ਰਾਜਸੀ ਆਗੂ ਜਿੱਤਣ ਤੋਂ ਬਾਅਦ ਭੱਜ ਜਾਂਦੇ ਹਨ। ਬਾਵਰੀਆ ਕਲੋਨੀ ਵਾਸੀਆਂ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਉਹ ਇਸ ਦੇਸ਼ ਦੇ ਵਾਸੀ ਹੀ ਨਾ ਹੋਣ। ਅੱਜ ਦੇ ਸਮੇਂ ਵਿੱਚ ਬਿਜਲੀ, ਪਾਣੀ, ਸਿਰ ਢੱਕਣ ਲਈ ਛੱਤ ਅਤੇ ਪਖਾਨਿਆਂ ਤੋਂ ਬਿਨਾਂ ਰਹਿਣਾ ਕਿੰਨੀ ਨਰਕ ਭਰੀ ਜ਼ਿੰਦਗੀ ਹੋਵੇਗੀ ਇਹ ਸੁਣ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੂਜੇ ਪਾਸੇ ਇਨ੍ਹਾਂ ਲੋਕਾਂ ਦੀ ਸਾਰ ਲੈਣ ਲਈ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਪਹਿਲ ਕੀਤੀ ਹੈ। ਬਾਵਰੀਆ ਕਲੋਨੀ ਵਿੱਚ ਪਹੁੰਚੇ ਕਾਮਰੇਡ ਭਜਨ ਲਾਲ ਫ਼ਾਜ਼ਿਲਕਾ ਅਤੇ ਸੁਬੇਗ ਝੰਗੜ ਭੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿਵਾਉਣ ਲਈ ਸੰਘਰਸ਼ ਵਿੱਢਣਗੇ। ਉਨ੍ਹਾਂ ਨਾਲ ਕਾਮਰੇਡ ਗੁਰਦਿਆਲ ਢਾਬਾਂ ਅਤੇ ਕਾਮਰੇਡ ਕੁਲਦੀਪ ਬਖੂਸ਼ਾਹ ਹਾਜ਼ਰ ਸਨ।
ਇਹ ਸਮੱਸਿਆ ਹੱਲ ਕੀਤੀ ਜਾਵੇਗੀ: ਵਿਧਾਇਕ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਕਿਹਾ ਕਿ ਇਹ ਮੁੱਦਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਇਸ ਬਾਰੇ ਹੱਲ ਕਰਨ ਸਬੰਧੀ ਵਿਚਾਰ ਕੀਤੀ ਜਾ ਰਹੀ ਹੈ।