ਮਹਿਲ ਕਲਾਂ ਦੇ ਦੋ ਪਿੰਡਾਂ ਵਿੱਚ ਦਿਨ-ਦਿਹਾੜੇ ਚੋਰੀਆਂ
ਛੀਨੀਵਾਲ ਕਲਾਂ ਵਿੱਚ ਠੇਕੇ ਤੇ ਨਰੈਣਗੜ੍ਹ ਸੋਹੀਆਂ ’ਚ ਮਜ਼ਦੂਰ ਦੇ ਘਰ ਵਿੱਚ ਚੋਰੀ
ਮਹਿਲ ਕਲਾਂ ਹਲਕੇ ਵਿੱਚ ਚੋਰਾਂ ਦੇ ਹੌਂਸਲੇ ਏਨੇ ਬੁਲੰਦ ਹਨ ਕਿ ਹੁਣ ਦਿਨ-ਦਿਹਾੜੇ ਚੋਰੀਆਂ ਕਰਨ ਲੱਗੇ ਹਨ। ਅੱਜ ਦਿਨੇ ਹਲਕੇ ਦੇ ਦੋ ਪਿੰਡਾਂ ਛੀਨੀਵਾਲ ਕਲਾਂ ਅਤੇ ਨਰੈਣਗੜ੍ਹ ਸੋਹੀਆਂ ਵਿਖੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।
ਪਹਿਲੇ ਮਾਮਲੇ ਵਿੱਚ ਪਿੰਡ ਛੀਨੀਵਾਲ ਕਲਾਂ ਵਿੱਚ ਸ਼ਰਾਬ ਦੇ ਠੇਕੇ ’ਤੇ ਚੋਰੀ ਹੋਈ। ਠੇਕੇ ਦੇ ਕਰਿੰਦੇ ਉਮੇਸ਼ ਚੌਧਰੀ ਨੇ ਦੱਸਿਆ ਕਿ ਚੋਰ ਦੇਸੀ ਸ਼ਰਾਬ ਦੀਆਂ ਦੋ ਪੇਟੀਆਂ, ਅੱਠ ਹਜ਼ਾਰ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਲੈ ਗਏ। ਉਹ ਕੁਝ ਸਮੇਂ ਲਈ ਠੇਕੇ ਤੋਂ ਬਾਹਰ ਗਿਆ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਮੂੰਹ ਬੰਨ੍ਹ ਕੇ ਠੇਕੇ ’ਚ ਦਾਖ਼ਲ ਹੋਏ ਅਤੇ ਚੋਰੀ ਕਰ ਕੇ ਫ਼ਰਾਰ ਹੋ ਗਏ। ਠੇਕਾ ਮਾਲਕਾਂ ਵਲੋਂ ਚੋਰੀ ਸਬੰਧੀ ਥਾਣਾ ਮਹਿਲ ਕਲਾਂ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਸਰਬਜੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਸੀ ਸੀ ਟੀ ਵੀ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੂਜਾ ਮਾਮਲੇ ਵਿੱਚ ਪਿੰਡ ਨਰਾਇਗੜ੍ਹ ਸੋਹੀਆਂ ਵਿੱਚ ਮਜ਼ਦੂਰ ਦੇ ਘਰੋਂ 30 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਤੋਲੇ ਸੋਨਾ (ਕੰਨਾਂ ਦੇ ਟੌਪਸ) ਚੋਰੀ ਹੋ ਗਏ। ਘਰ ਦੇ ਮਾਲਕ ਬੂਟਾ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਦਿਹਾੜੀ ਕਰਨ ਅਤੇ ਉਸ ਦੀ ਪਤਨੀ ਕਿਰਨ ਕੌਰ ਲੁਧਿਆਣਾ ਵਿੱਚ ਧਾਗਾ ਫੈਕਟਰੀ ਵਿੱਚ ਕੰਮ ਕਰਨ ਗਈ ਹੋਈ ਸੀ। ਦਿਨ ਦੇ ਸਮੇਂ ਘਰ ਸੁੰਨਾ ਸੀ ਅਤੇ ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਉਸਦੇ ਘਰ ਵਿੱਚ ਦਾਖ਼ਲ ਹੋਏ ਅਤੇ ਘਰ ’ਚੋਂ 30 ਹਜ਼ਾਰ ਰੁਪਏ ਅਤੇ ਇੱਕ ਤੋਲੇ ਸੋਨਾ ਲੈ ਗਏ। ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਜਾਣਕਾਰੀ ਮਿਲਣ ਨਾਲ ਹੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

