ਨੌਜਵਾਨ ਨੇ ਦੁਕਾਨਦਾਰ ਤੋਂ 40 ਹਜ਼ਾਰ ਰੁਪਏ ਖੋਹੇ
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 23 ਅਗਸਤ
ਨਿਹਾਲ ਸਿੰਘ ਵਾਲਾ ਸਥਿਤ ਚਿਰਾਗ ਹੈਂਡੂਲਮ ਦੀ ਦੁਕਾਨ ਦੇ ਮਾਲਕ ਪਾਸੋਂ ਇੱਕ ਠੱਗ ਨੇ ਵਿਧਾਇਕ ਦਾ ਨਾਂ ਵਰਤ ਕੇ 40,000 ਰੁਪਏ ਖੋਹ ਕੇ ਉਸ ਨੂੰ ਖੇਤਾਂ ਵਿੱਚ ਸੁੱਟ ਦਿੱਤਾ।
ਪੀੜਤ ਰਜਿੰਦਰ ਕੁਮਾਰ ਦੇ ਲੜਕੇ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਭਰਨ ਲਈ ਏਟੀਐਮ ਵਿੱਚੋਂ 40 ਹਜ਼ਾਰ ਰੁਪਏ ਕਢਵਾ ਕੇ ਲਿਆਇਆ ਸੀ ਤੇ ਸਾਰੇ ਪੈਸੇ ਉਸ ਨੇ ਆਪਣੇ ਪਿਤਾ ਰਜਿੰਦਰ ਪਾਲ ਨੂੰ ਫੜਾ ਦਿੱਤੇ ਸਨ। ਉਸ ਨੇ ਦੱਸਿਆ ਕਿ ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਦੁਕਾਨ ’ਤੇ ਆਇਆ ਤੇ ਆਪਣੇ ਆਪ ਨੂੰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਲੜਕਾ ਦੱਸਦੇ ਹੋਏ ਸਟੇਡੀਅਮ ਵਿੱਚ ਰੇਤਾ ਲੁਹਾਉਣ ਲਈ ਜਗ੍ਹਾ ਦੇਖਣ ਲਈ ਉਸ ਦੇ ਪਿਤਾ ਨੂੰ ਨਾਲ ਲੈ ਗਿਆ।
ਸੁਨੀਲ ਨੇ ਕਿਹਾ ਕਿ ਨੌਜਵਾਨ ਨੇ ਉਸ ਦੇ ਪਿਤਾ ਤੋਂ 40,000 ਰੁਪਏ ਖੋਹ ਲਏ ਅਤੇ ਉਸ ਨੂੰ ਨਿਹਾਲ ਸਿੰਘ ਵਾਲਾ ਦੇ ਬਾਹਰਵਾਰ ਖੇਤਾਂ ਵਿੱਚ ਸੁੱਟ ਦਿੱਤਾ। ਉਸ ਨੇ ਪਿੱਛਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ।
ਇਸ ਘਟਨਾ ਸਬੰਧੀ ਡੀਐੱਸਪੀ ਮਨਜੀਤ ਸਿੰਘ ਢੇਸੀ ਤੇ ਵਧੀਕ ਥਾਣਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲੀਸ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।