‘ਚਿੱਟੇ’ ਦੀ ‘ਕਾਲੀ’ ਕਮਾਈ ’ਤੇ ਚੱਲਿਆ ‘ਪੀਲਾ’ ਪੰਜਾ
ਸ਼ਗਨ ਕਟਾਰੀਆ
ਜੈਤੋ, 21 ਜੂਨ
ਕਰੀਬ ਦੋ ਦਹਾਕਿਆਂ ਤੋਂ ਨਸ਼ਾ ਤਸਕਰੀ ਲਈ ਬਦਨਾਮ ਇੱਥੋਂ ਦੇ ਛੱਜਘੜ ਮੁਹੱਲੇ ’ਚ ਜੇਸੀਬੀ ਦਾ ਪੀਲਾ ਪੰਜਾ ਚੱਲਿਆ। ਇਸ ਆਬਾਦੀ ’ਚ ਕਥਿਤ ਨਸ਼ਾ ਤਸਕਰਾਂ ਦੇ ਦੋ ਘਰਾਂ ਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ। ਇਸ ਕਾਰਵਾਈ ਦੀ ਬਕਾਇਦਾ ਡਰੋਨ ਰਾਹੀਂ ਵੀਡੀਓ ਤੇ ਫ਼ੋਟੋਗ੍ਰਾਫ਼ੀ ਵੀ ਕੀਤੀ ਗਈ। ਕਾਰਵਾਈ ਵਕਤ ਮੌਜੂਦ ਐੱਸਐੱਸਪੀ ਫ਼ਰੀਦਕੋਟ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਮੁਹੱਲੇ ਦੀ ਵਸਨੀਕ ਬਿਮਲਾ ਦੇਵੀ ਅਤੇ ਨਛੱਤਰ ਸਿੰਘ ਵੱਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਰਿਹਾਇਸ਼ੀ ਘਰ ਬਣਾਏ ਹੋਏ ਸਨ ਅਤੇ ਸਮਰੱਥ ਅਥਾਰਿਟੀ ਤੋਂ ਮਿਲੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਿਮਲਾ ਦੇਵੀ ਖ਼ਿਲਾਫ਼ ਨਸ਼ਾ ਤਸਕਰੀ ਸਬੰਧੀ 2, ਉਸ ਦੇ ਲੜਕੇ ਖ਼ਿਲਾਫ਼ 1 ਮੁਕੱਦਮਾ ਅਤੇ ਉਸ ਦੀ ਨੂੰਹ ਰਜਨੀ ਖ਼ਿਲਾਫ਼ 5 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਨਛੱਤਰ ਸਿੰਘ ’ਤੇ ਦਰਜ ਕੁੱਲ 4 ਕੇਸਾਂ ’ਚੋਂ 3 ਨਸ਼ੇ ਦੀ ਤਸਕਰੀ ਨਾਲ ਸਬੰਧਤ ਹਨ ਤੇ ਉਸ ਦੀ ਪਤਨੀ ਬੰਸੋ ਵਿਰੁੱਧ ਵੀ 3 ਮੁਕੱਦਮੇ ਦਰਜ ਹਨ ਅਤੇ ਜਿਨ੍ਹਾਂ ’ਚੋ 1 ਨਸ਼ਾ ਤਸਕਰੀ ਨਾਲ ਸਬੰਧਤ ਹੈ।
ਨਾਇਬ ਤਹਿਸੀਲਦਾਰ ਜੈਤੋ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਕੀਤੀ ਗਈ ਇਸ ਕਾਰਵਾਈ ’ਚ ਪੁਲੀਸ ਤੇ ਪ੍ਰਸ਼ਾਸਨ ਸ਼ਾਮਲ ਹੈ। ਕਾਰਜ ਸਾਧਕ ਅਫਸਰ ਜੈਤੋ ਮਨਿੰਦਰਪਾਲ ਰੰਧਾਵਾ ਨੇ ਦੱਸਿਆ ਕਿ ਢਾਹੀਆਂ ਇਮਾਰਤਾਂ ਬਿਮਲਾ ਦੇਵੀ ਅਤੇ ਨਛੱਤਰ ਸਿੰਘ ਵੱਲੋਂ ਨਜਾਇਜ਼ ਤੌਰ ’ਤੇ ਉਸਾਰੀਆਂ ਗਈਆਂ ਸਨ ਅਤੇ ਦੋਵਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ, ਪਰ ਕਬਜ਼ਾਕਾਰੀਆਂ ਵੱਲੋਂ ਜਗ੍ਹਾ ਖਾਲੀ ਨਾ ਕਰਨ ’ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ।
ਇਸ ਮੌਕੇ ਐਸਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਸੰਦੀਪ ਕੁਮਾਰ, ਡੀਐੱਸਪੀ ਸਬ-ਡਿਵੀਜ਼ਨ ਜੈਤੋ ਮਨੋਜ ਕੁਮਾਰ, ਡੀਐੱਸਪੀ ਜਗਤਾਰ ਸਿੰਘ, ਇੰਸਪੈਕਟਰ ਗੁਰਾਂਦਿੱਤਾ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਪੁਲੀਸ ਨਫ਼ਰੀ ਤਾਇਨਾਤ ਕੀਤੀ ਗਈ ਸੀ।
ਕਿਵੇਂ ਬਣੇ ‘ਕੱਖਪਤੀ’ ਤੋਂ ‘ਲੱਖਪਤੀ’ ਛੱਜਘਾੜੇ?
ਛੱਜ ਬਣਾਉਣ ਵਾਲਿਆਂ ਦੇ ਚੰਦ ਪਰਿਵਾਰਾਂ ਨੇ ਕਰੀਬ ਸੱਤ ਦਹਾਕੇ ਪਹਿਲਾਂ ਮੌਜੂਦਾ ਛੱਜਘਾੜਾ ਮੁਹੱਲੇ ਵਾਲੀ ਜਗ੍ਹਾ ’ਤੇ ਝੁੱਗੀਆਂ ਬਣਾ ਕੇ ਬਸੇਰਾ ਕੀਤਾ ਸੀ। ਵੋਟ ਰਾਜਨੀਤੀ ਨੇ ਪਰਿਵਾਰਾਂ ਦਾ ਵਕਤ ਬਦਲਿਆ ਅਤੇ ਕਰੀਬ ਚਾਰ ਦਹਾਕੇ ਪਹਿਲਾਂ ਉਨ੍ਹਾਂ ‘ਸਿਆਸੀ ਸ਼ਹਿ’ ’ਤੇ ਨਗਰ ਕੌਂਸਲ ਦੀ ਮਾਲਕੀ ਵਾਲੀ ਝੁੱਗੀਆਂ ਵਾਲੀ ਥਾਂ ’ਤੇ ਮਕਾਨ ਬਣਾ ਲਏ। ਖੇਤੀ ਦਾ ਮਸ਼ੀਨੀਕਰਨ ਹੋਣ ਲੱਗਾ, ਤਾਂ ਕਿਸਾਨਾਂ ਨੂੰ ਫ਼ਸਲ ਝਾੜਨ ਲਈ ਛੱਜਾਂ ਦੀ ਜ਼ਰੂਰਤ ਨਾ ਰਹੀ ਅਤੇ ਛੱਜਘਾੜਿਆਂ ਨੇ ਹੱਡਾਰੋੜੀ ’ਚੋਂ ਮੁਰਦਾ ਪਸ਼ੂਆਂ ਨੂੰ ਚੁੱਕਣ ਦੇ ਠੇਕੇ ਸਣੇ ਹੋਰ ਕੰਮ ਵਿੱਢ ਲਏ।
ਇਸ ਕਬੀਲੇ ਦੇ ਜੀਵਨ ’ਚ ਵੱਡਾ ਮੋੜ ਉਦੋਂ ਆਇਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੈਸ਼ਨ 2006-07 ਦੀ ਆਬਕਾਰੀ ਨੀਤੀ ’ਚ ਵਿਆਪਕ ਤਬਦੀਲੀ ਕਰਕੇ ਐਕਸਾਈਜ਼ ਸਰਕਲ ਛੋਟੇ-ਛੋਟੇ ਬਣਾ ਦਿੱਤੇ। ਉਸ ਸਮੇਂ ਸ਼ਰਾਬ ਸਮਗਲਿੰਗ ਦਾ ਧੰਦਾ ਜ਼ੋਰਾਂ ਨਾਲ ਪਨਪਿਆ ਅਤੇ ਜੈਤੋ, ਕੋਟਕਪੂਰਾ ਸਮੇਤ ਹੋਰ ਥਾਈਂ ਬੈਠੇ ਇਸ ਭਾਈਚਾਰੇ ਦੇ ਲੋਕਾਂ ਨੇ ਸ਼ਰਾਬ ਦੀ ਤਸਕਰੀ ਦਾ ਕੰਮ ਵਿੱਢ ਲਿਆ, ਜਿਸ ਵਿੱਚ ਚੋਖੀ ਕਮਾਈ ਸੀ। ਕਈ ਵਾਰ ਫੜੇ ਵੀ ਜਾਂਦੇ ਰਹੇ, ਪੁਲੀਸ ਕੇਸ ਵੀ ਦਰਜ ਹੋਏ, ਪਰ ਮੋਟੀ ਆਮਦਨ ਕਾਰਨ ਛੱਜਘਾੜਾ ਕਬੀਲੇ ਦੇ ਲੋਕ ਧੰਦੇ ਵਿੱਚ ਧਸਦੇ ਹੀ ਚਲੇ ਗਏ।
10-12 ਵਰ੍ਹੇ ਪਹਿਲਾਂ ਪੰਜਾਬ ’ਚ ‘ਚਿੱਟੇ’ ਦੀ ਸ਼ੁਰੂਆਤ ਹੋਈ, ਤਾਂ ਇਹ ਲੋਕ ਉਸ ਰੁਝਾਨ ’ਚ ਵੀ ਕੁੱਦ ਪਏ। ਸ਼ਰਾਬ ਤੋਂ ਇਲਾਵਾ ਚਿੱਟਾ, ਗਾਂਜਾ, ਸੁਲਫ਼ਾ ਆਦਿ ਦੀ ਖੁੱਲ੍ਹ ਕੇ ਫ਼ਰੋਖ਼ਤ ਹੋਣ ਲੱਗੀ। ਕਦੇ-ਕਦਾਈ ਕਾਨੂੰਨ ਦੇ ਅੜਿੱਕੇ ਵੀ ਚੜ੍ਹ ਜਾਂਦੇ, ਪਰ ਇਸ ਕਾਲੇ ਕਾਰੋਬਾਰ ’ਚੋਂ ਹੁੰਦੇ ਮਣਾਂ-ਮੂੰਹੀਂ ਮੁਨਾਫ਼ੇ ਸਦਕਾ ਪਿਛਾਂਹ ਪੈਰ ਰੱਖਣ ਤੋਂ ਆਕੀ ਰਹੇ। ਕਿਸੇ ਸਮੇਂ ਰੋਟੀ ਨੂੰ ਤਰਸਦੇ ਨਸ਼ਾ ਤਸਕਰ ਕੋਠੀਆਂ, ਕਾਰਾਂ ਅਤੇ ਲਗਜ਼ਰੀ ਸਹੂਲਤਾਂ ਵਾਲੇ ਬੰਗਲਿਆਂ ਦੇ ਮਾਲਕ ਬਣ ਗਏ। ਛੱਜਘਾੜਾ ਮੁਹੱਲੇ ’ਚ ਗ਼ੈਰ ਕਾਨੂੰਨੀ ਤਰੀਕੇ ਨਾਲ ਨਗਰ ਕੌਂਸਲ ਦੀ ਜਗ੍ਹਾ ’ਤੇ ਉੱਸਰੇ ਘਰਾਂ ਦੀ ਗਿਣਤੀ ਭਾਵੇਂ ਦਰਜਨਾਂ ’ਚ ਹੈ, ਪਰ ਇਨ੍ਹਾਂ ਵਿੱਚੋਂ ਕੁੱਝ ਤਾਂ ਬਹੁਤ ਹੀ ਆਲੀਸ਼ਾਨ ਤੇ ਲਗਜ਼ਰੀ ਕਿਸਮ ਦੇ ਹਨ।
ਅੱਜ ਦੋ ਘਰਾਂ ’ਤੇ ਕੀਤੀ ਕਾਰਵਾਈ ਵੀ ਲੋਕਾਂ ਦੇ ਮਨਾਂ ’ਚ ਕਈ ਸੁਆਲ ਖੜ੍ਹੇ ਕਰ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਗ਼ੈਰ ਕਾਨੂੰਨੀ ਉਸਾਰੀਆਂ ਹੀ ਖਤਮ ਕਰਨੀਆਂ ਸੀ, ਤਾਂ ਸਿਰਫ ਦੋ ਘਰਾਂ ’ਤੇ ਹੀ ਕਾਰਵਾਈ ਕਿਉਂ? ਉਹ ਵੀ ਘਰਾਂ ਦੇ ਮੱਥੇ ਵਾਲੇ ਹਿੱਸਿਆਂ ਨੂੰ ਢਾਹ ਕੇ ਬਾਕੀ ਉਸਾਰੀ ਉਸੇ ਤਰ੍ਹਾਂ ਹੀ ਕਿਉਂ ਛੱਡ ਦਿੱਤੀ ਗਈ?