ਪੰਜਾਬ ਵਿੱਚ ਹਰ ਘਰ ਨੂੰ 600 ਯੂਨਿਟ ਤੱਕ ਬਿਜਲੀ ਮੁਫ਼ਤ ਮਿਲਣ ਦੇ ਬਾਵਜੂਦ ਬਹੁਤੇ ਬਿਜਲੀ ਖ਼ਪਤਕਾਰਾਂ ਨੂੰ ਸਬਰ ਨਹੀਂ ਆ ਰਿਹਾ। ਪਾਵਰਕੌਮ ਦੇ ਬਾਦਲ ਡਿਵੀਜ਼ਨ ਦੀ ਟੀਮ ਨੇ ਮੰਡੀ ਕਿੱਲਿਆਂਵਾਲੀ ਦੇ ਫਰੀਦ ਨਗਰ ਵਿੱਚ ਛਾਪਾ ਮਾਰ ਕੇ ਇੱਕ ਘਰ ਵਿੱਚ ਟਰਾਂਸਫਾਰਮਰ ਤੋਂ ਯੋਜਨਾਬੰਦੀ ਦੇ ਨਾਲ ਲਾਈ ਹੋਈ ਸਿੱਧੀ ਬਿਜਲੀ ਦੀ ਕੁੰਡੀ ਫੜੀ ਹੈ। ਛਾਪੇ ਮੌਕੇ ਖੁਲਾਸਾ ਹੋਇਆ ਕਿ ਟਰਾਂਸਫਾਰਮਰ ਤੋਂ ਚਲਾਕੀ ਨਾਲ ਗਲੀ ਵਿੱਚ ਜ਼ਮੀਨਦੋਜ਼ ਤਾਰ ਪਾ ਕੇ ਘਰ ਮੂਹਰੇ ਸਥਿਤ ਪਾਣੀ ਨਿਕਾਸੀ ਵਾਲੀ ਛੋਟੀ ਟੈਂਕੀ ਰਾਹੀਂ ਅੰਦਰ ਲਿਜਾਈ ਗਈ ਸੀ ਤੇ ਫਿਰ ਘਰ ਵਿਚ ਖੁੱਲ੍ਹੇਆਮ ਚੇਂਜ ਓਵਰ ਲਾ ਕੇ ਕੁੰਡੀ ਵਾਲੀ ਬਿਜਲੀ ਨੂੰ ਘਰੇਲੂ ਸਪਲਾਈ ਵਿੱਚ ਵਰਤਿਆ ਜਾ ਰਿਹਾ ਸੀ।
ਇਹ ਕਾਰਵਾਈ ਬਾਦਲ ਸਬ-ਡਿਵੀਜ਼ਨ ਦੇ ਐੱਸ ਡੀ ਓ ਸ਼ੁਭਦੀਪ ਸਿੰਘ ਅਤੇ ਲੰਬੀ ਸਬ-ਡਿਵੀਜ਼ਨ ਦੇ ਐੱਸ ਡੀ ਓ ਮਨਿੰਦਰ ਸਿੰਘ ਸਿਕੰਦਰ ਦੀ ਅਗਵਾਈ ਹੇਠ ਕੀਤੀ ਗਈ। ਪਾਵਰਕੌਮ ਅਧਿਕਾਰੀਆਂ ਮੁਤਾਬਿਕ ਇਸ ਘਰ ਵਿੱਚ ਲਗਪਗ ਅੱਠ ਮਹੀਨੇ ਪਹਿਲਾਂ 3.82 ਕਿਲੋਵਾਟ ਲੋਡ ਵਾਲਾ ਮੀਟਰ ਲੱਗਿਆ ਸੀ, ਜੋ ਇੱਕ ਮਹਿਲਾ ਦੇ ਨਾਂ ’ਤੇ ਹੈ। ਦੱਸਿਆ ਜਾਂਦਾ ਹੈ ਕਿ ਖ਼ਪਤਕਾਰ ਮਹਿਲਾ ਦਾ ਪਤੀ ਅਤੇ ਘਰ ਦਾ ਮੁਖੀ ਲੰਬੀ ਹਲਕੇ ਵਿਚ ਨੇੜਲੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਤਾਇਨਾਤ ਹੈ। ਸਥਾਨਕ ਲੋਕਾਂ ਮੁਤਾਬਕ ਸਰਹੱਦੀ ਕਸਬੇ ਮੰਡੀ ਕਿਲਿਆਂਵਾਲੀ ਖੇਤਰ ਵਿੱਚ ਬਿਜਲੀ ਚੋਰੀ ਆਮ ਗੱਲ ਬਣ ਚੁੱਕੀ ਹੈ। ਸੀਨੀਅਰ ਕਾਰਜਕਾਰੀ ਇੰਜਨੀਅਰ ਯੋਧਵੀਰ ਸਿੰਘ ਨੇ ਕਿਹਾ ਕਿ ਉਚ ਦਫ਼ਤਰ ਦੇ ਨਿਰਦੇਸ਼ਾਂ ਤਹਿਤ ਇਾ ਛਾਪਾ ਮਾਰਿਆ ਗਿਆ। ਉਨ੍ਹਾ ਕਿਹਾ ਕਿ ਖਪਤਕਾਰ ਨੂੰ ਕਰੀਬ 37 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾ ਰਿਹਾ ਹੈ।

