ਸਕੂਲ ਦੇ ਗੇਟ ਨੂੰ ਤਾਲਾ ਲਾ ਕੇ ਪਾੜ੍ਹਿਆਂ ਨੇ ਲਾਇਆ ਧਰਨਾ
ਪਿੰਡ ਵੜਿੰਗਖੇੜਾ ਵਿੱਚ ਕਥਿਤ ਮਾੜੇ ਵਿਵਹਾਰ ਦੇ ਦੋਸ਼ਾਂ ’ਚ ਘਿਰੇ ਇਤਿਹਾਸ ਦੇ ਲੈਕਚਰਾਰ ਗੁਰਦੀਪ ਸਿੰਘ ਦੀ ਹਮਾਇਤ ’ਚ ਅੱਜ ਵਿਦਿਆਰਥੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਧਰਨਾ ਲਾ ਦਿੱਤਾ। ਧਰਨੇ ’ਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਸ਼ਾਮਲ ਸਨ। ਮਗਰੋਂ ਪੁਲੀਸ ਨੇ ਸਕੂਲ ਗੇਟ ਦਾ ਤਾਲਾ ਖੁਲ੍ਹਵਾ ਦਿੱਤਾ ਪਰ ਵਿਦਿਆਰਥੀ ਮੁੱਖ ਗੇਟ ਬੰਦ ਕਰਕੇ ਡਟੇ ਰਹੇ। ਉਨ੍ਹਾਂ ਲੈਕਚਰਾਰ ਗੁਰਦੀਪ ਸਿੰਘ ’ਤੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਲੋੜਵੰਦ ਵਿਦਿਆਰਥੀਆਂ ਦੀ ਪੱਲਿਓਂ ਫੀਸ ਭਰਨ ’ਚ ਗੁਰੇਜ਼ ਨਹੀਂ ਕਰਦੇ ਸਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਪੰਚਾਇਤ ਵੜਿੰਗਖੇੜਾ ਵੱਲੋਂ ਲੈਕਚਰਾਰ ਗੁਰਦੀਪ ਸਿੰਘ ਖਿਲਾਫ਼ ਸਿੱਖਿਆ ਮੰਤਰੀ ਨੂੰ ਲਿਖੇ ਪੱਤਰ ਮਗਰੋਂ ਭਖਿਆ। ਪੱਤਰ ’ਚ ਲੈਕਚਰਾਰ ’ਤੇ ਸਟਾਫ਼, ਪਿੰਡ ਵਾਸੀਆਂ, ਐੱਸਐੱਮਸੀ ਕਮੇਟੀ ਤੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਦੇ ਦੋਸ਼ ਲਾਏ ਗਏ। ਇਸ ਆਧਾਰ ’ਤੇ ਉਸ ਦੇ ਤਬਾਦਲੇ ਦੀ ਮੰਗ ਕੀਤੀ ਗਈ। ਇੱਥੇ ਕੁੱਲ 20 ਅਧਿਆਪਕਾਂ ਵਿੱਚੋਂ ਕਰੀਬ 19 ਇੱਕਜੁਟ ਅਤੇ ਦੂਜੇ ਪਾਸੇ ਲੈਕਚਰਰ ਗੁਰਦੀਪ ਸਿੰਘ ਇਕੱਲੇ ਹਨ। ਸੂਤਰਾਂ ਮੁਤਾਬਕ ਸਮੁੱਚਾ ਵਿਵਾਦ ਕੰਪਿਊਟਰ ਲੈਬ ਦੀ ਥਾਂ ਬਦਲੇ ਜਾਣ, ਦੂਸਰੀ ਮੰਜ਼ਿਲ ’ਤੇ ਕਮਰੇ ਬਣਾਉਣ ਦੀ ਆਪਸੀ ਖਹਿਬਾਜ਼ੀ ਜਿਹੇ ਮੁੁੱਦਿਆਂ ਨਾਲ ਜੁੜਿਆ ਹੈ। ਇਸ ਮੌਕੇ ਬੀਐੱਨਓ ਓਨਮ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਲੈਕਚਰਾਰ ਦੇ ਤਬਾਦਲੇ ਤੋਂ ਪਹਿਲਾਂ ਪੰਚਾਇਤੀ ਪੱਤਰ ਦੇ ਦੋਸ਼ਾਂ ਸਬੰਧੀ ਵਿਦਿਆਰਥੀਆਂ ਦਾ ਪੱਖ ਸੁਣਨ ਸਬੰਧੀ ਲਿਖਣ ਦੇ ਭਰੋਸੇ ਮਗਰੋਂ ਧਰਨਾ ਖ਼ਤਮ ਹੋਇਆ।
ਫਰਜ਼ੀ ਬਿੱਲਾਂ ਦਾ ਖੁਲਾਸਾ ਕਰਨ ਕਾਰਨ ਲਗਾਏ ਜਾ ਰਹੇ ਨੇ ਦੋਸ਼: ਗੁਰਦੀਪ ਸਿੰਘ਼
ਹਿਸਟਰੀ ਲੈਕਚਰਾਰ ਗੁਰਦੀਪ ਸਿੰਘ ਨੇ ਆਪਣੇ ’ਤੇ ਲਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਇੱਥੇ 2016 ਤੋਂ ਤਾਇਨਾਤ ਹਨ ਤੇ ਹਮੇਸ਼ਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਉਨ੍ਹਾਂ ਕੋਲ ਦੋ ਮਹੀਨੇ ਸਕੂਲ ਇੰਚਾਰਜ ਦਾ ਚਾਰਜ ਰਿਹਾ। ਉਦੋਂ ਜਾਂਚ ਵਿੱਚ 2023-24 ਵਿੱਚ ਕਈ ਫਰਜ਼ੀ ਬਿੱਲਾਂ ਦਾ ਖੁਲਾਸਾ ਹੋਇਆ। ਇਹ ਮਾਮਲਾ ਚੁੱਕਣ ਕਰਕੇ ਅਜਿਹੇ ਦੋਸ਼ ਲਗਾਏ ਜਾ ਰਹੇ ਹਨ, ਹੁਣ ਵੀ ਬਿਲਾਂ ਵਿੱਚ ਕਥਿਤ ਘਪਲੇਬਾਜ਼ੀਆਂ ਹੋ ਰਹੀਆਂ ਹਨ।
ਲੈਚਕਰਾਰ ਦੇ ਅੜੀਅਲ ਰਵੱਈਏ ਕਰਕੇ ਤਬਾਦਲੇ ਦੀ ਮੰਗ ਕੀਤੀ: ਸਰਪੰਚ
ਸਰਪੰਚ ਜਗਦੇਵ ਸਿੰਘ ਨੇ ਕਿਹਾ ਕਿ ਲੈਕਚਰਾਰ ਦੇ ਅੜੀਅਲ ਵਤੀਰੇ ਅਤੇ ਅਧਿਆਪਕਾਂ ਦੀ ਆਪਸੀ ਖਹਿਬਾਜ਼ੀ ਕਾਰਨ ਸਕੂਲ ਦਾ ਮਾਹੌਲ ਵਿਗੜ ਰਿਹਾ ਸੀ। ਇਸ ਆਧਾਰ ’ਤੇ ਸਿੱਖਿਆ ਮੰਤਰੀ ਨੂੰ ਪੱਤਰ ਲਿਖਿਆ ਗਿਆ।