ਸਤਲੁਜ ਦਰਿਆ ਦੇ ਪਾਣੀ ’ਚ ਘਿਰੇ ਲੋਕਾਂ ਦੇ ਹੌਸਲੇ ਬੁਲੰਦ
ਸੂਬੇ ’ਚ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਕਿਸਾਨਾਂ ਦੀਆਂ 1.75 ਹੈਕਟੇਅਰ ਤੋਂ ਵੱਧ ਫ਼ਸਲਾਂ ਤਬਾਹ ਹੋਣ ਅਤੇ 1655 ਪਿੰਡ ਪ੍ਰਭਾਵਿਤ ਹੋਣ ਕਾਰਨ ਜਨ-ਜੀਵਨ ਪੂਰੀ ਪ੍ਰਭਾਵਿਤ ਹੈ। ਹੜ੍ਹਾਂ ਕਾਰਨ ਲੱਕੜ ਦੀਆਂ ਬੇੜੀਆਂ ਅਤੇ ਤਰਪਾਲਾਂ ਦੀ ਮੰਗ ਵਧ ਗਈ ਅਤੇ ਕਈ ਥਾਵਾਂ ਉੱਤੇ ਕਾਲਾਬਜ਼ਾਰੀ ਵੀ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਤੱਕ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ। ਪਸ਼ੂਆਂ ਦੀ ਸਿਹਤ ਸੰਭਾਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਧਰਮਕੋਟ ਸਬ ਡਿਵੀਜ਼ਨ ਵਿਚੋਂ ਸਤਲੁਜਦੇ ਧੁੱਸੀ ਬੰਨ੍ਹ ਅੰਦਰ 5723 ਏਕੜ ਝੋਨੇ ਦੀ ਫ਼ਸਲ ਡੁੱਬੀ ਹੋਈ ਹੈ ਜਿਸ ਕਾਰਨ ਪੈਦਾਵਾਰ ਉੱਤੇ ਅਸਰ ਪਵੇਗਾ।
ਥਾਣਾ ਧਰਮਕੋਟ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਨੇ ਕਿਹਾ ਕਿ ਅੱਜ ਪਾਣੀ ਦਾ ਪੱਧਰ ਘਟਣ ਨਾਲ ਕੁਝ ਰਾਹਤ ਮਹਿਸੂਸ ਹੋਈ ਹੈ। ਈਟੀਟੀ ਅਧਿਆਪਕ ਯੂਨੀਅਨ ਸੂਬਾ ਪ੍ਰਧਾਨ ਅਤੇ ਡਾਇਰੈਕਟਰ ਗਮਾਡਾ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬੇਸੱਕ ਲੱਖਾਂ ਲੋਕ ਪ੍ਰਭਾਵਿਤ ਹਨ, ਪਰ ਹੌਂਸਲੇ ਬਰਕਰਾਰ ਹਨ, ਪੰਜਾਬੀ ਆਪਣਿਆਂ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਦੂਜੇ ਦੀ ਮਦਦ ਕਰ ਰਹੇ ਹਨ। ਕੋਈ ਪੀੜਤਾਂ ਲਈ ਪਿਜ਼ਾ ਤੇ ਕਰਿਆਨੇ ਦਾ ਸਾਮਾਨ ਆਪਣੀ ਆਪਣੇ ਪੱਲਿਓਂ ਲਿਆ ਤੇ ਕੋਈ ਰਾਸ਼ਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ ਪੱਧਰ ’ਤੇ ਡਟੀਆਂ ਹੋਈਆਂ ਹਨ।