ਘੱਗਰ ਵਿੱਚ ਪਾਣੀ ਦੀ ਰਫ਼ਤਾਰ ਹਾਲੇ ਵੀ ਤੇਜ਼
ਇਥੋਂ ਵਹਿੰਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤਾ ਨਾ ਉਤਰਨ ਕਰਕੇ ਇਸ ਇਲਾਕੇ ਦੇ ਲੋਕਾਂ ਦੇ ਚਿਹਰੇ ਉਤਰਨ ਲੱਗੇ ਹਨ। ਭਾਵੇਂ ਘੱਗਰ ਮੁਹਾਲੀ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਬਹੁਤ ਥੱਲੇ ਚਲਿਆ ਗਿਆ ਹੈ, ਪਰ ਸੰਗਰੂਰ ਜ਼ਿਲ੍ਹੇ ਦੇ ਗੂਹਲਾ ਚੀਕਾ, ਖਨੌਰੀ ਅਤੇ ਮਾਨਸਾ ਜ਼ਿਲ੍ਹੇ ਦੇ ਚਾਂਦਪੁਰਾ ਸਾਈਫਨ ਅਤੇ ਸਰਦੂਲਗੜ੍ਹ ਵਿੱਚ ਘੱਗਰ ਦਾ ਪੱਧਰ ਬਹੁਤਾ ਨਹੀਂ ਘਟ ਰਿਹਾ ਹੈ, ਜਦੋਂ ਕਿ ਇਨ੍ਹਾਂ ਇਲਾਕਿਆਂ ਦੇ ਨਾਲ ਹੀ ਘੱਗਰ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਸਮੇਤ ਰਾਜਸਥਾਨ ਦੇ ਹੰਨੂਮਾਨਗੜ੍ਹ ਲਈ ਅਜੇ ਵੀ ਖ਼ਤਰਾ ਖੜ੍ਹਾ ਕੀਤਾ ਹੋਇਆ ਹੈ। ਪਹਿਨਾਰੀ ਪਿੰਡ ਨੇੜੇ ਜਿਹੜਾ ਬੰਨ੍ਹ ਤਿੰਨ ਦਿਨ ਪਹਿਲਾਂ ਟੁੱਟਿਆ ਸੀ, ਉਥੇ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਜੱਦੋ-ਜਹਿਦ ਕਰਨ ਦੇ ਬਾਵਜੂਦ ਵੀ ਖੇਤਾਂ ਵਿੱਚ ਜਾ ਰਿਹਾ ਬੇਮੁਹਾਰਾ ਪਾਣੀ ਅਜੇ ਵੀ ਰੁਕਿਆ ਨਹੀਂ ਹੈ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਜ਼ਿਲ੍ਹੇ ਚਾਂਦਪੁਰਾ ਸਾਈਫਨ ਉਪਰ ਲਗਾਤਾਰ ਤਿੰਨ ਦਿਨਾਂ ਤੋਂ ਪਾਣੀ ਨਹੀਂ ਉਤਰਿਆ ਹੈ। ਇਸ ਇਲਾਕੇ ਦੇ ਲੋਕਾਂ ਨੂੰ ਸਭ ਤੋਂ ਵੱਧ ਘਬਰਾਹਟ ਇਹ ਪਾਣੀ ਨਾ ਉਤਰਨ ਦੀ ਹੀ ਹੋ ਰਹੀ ਹੈ। ਚਾਂਦਪੁਰਾ ਸਾਈਫਨ ਉਪਰ ਅੱਜ ਸਾਰਾ ਦਿਨ ਪੰਜਾਬ ਅਤੇ ਹਰਿਆਣਾ ਦੀ ਅਫ਼ਸਰਸ਼ਾਹੀ ਵੱਲੋਂ ਪਾਣੀ ਨਾ ਉਤਰਨ ਸਬੰਧੀ ਮੁਆਇਨਾ ਕੀਤਾ ਗਿਆ। ਫ਼ਤਿਆਬਾਦ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਵੱਲੋਂ ਅੱਜ ਚਾਂਦਪੁਰਾ ਦਾ ਦੌਰਾ ਕੀਤਾ ਗਿਆ ਅਤੇ ਉਥੇ ਮੌਜੂਦਾ ਹਰਿਆਣਾ ਦੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਚੱਲ ਰਹੇ ਪਾਣੀ ਸਬੰਧੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਪਿੱਛੋਂ ਆ ਰਹੇ ਪਾਣੀ ਬਾਰੇ ਸਰਕਾਰੀ ਸੂਚਨਾ ਦਿੱਤੀ ਗਈ।
ਮਾਨਸਾ ਜ਼ਿਲ੍ਹੇ ਵਿੱਚ ਘੱਗਰ ਤੋਂ ਹੜ੍ਹਾਂ ਦੀ ਮਾਰ ਹੇਠ 39 ਪਿੰਡ ਆਉਂਦੇ ਹਨ। ਇਨ੍ਹਾਂ ਵਿੱਚੋਂ 23 ਪਿੰਡ ਬੁਢਲਾਡਾ ਸਬ ਡਿਵੀਜ਼ਨ ਨਾਲ ਅਤੇ 16 ਪਿੰਡਾਂ ਸਰਦੂਲਗੜ੍ਹ ਨਾਲ ਸਬੰਧਤ ਹਨ। ਬੁਢਲਾਡਾ ਸਬ-ਡਿਵੀਜ਼ਨ ਵਾਲੇ ਪਿੰਡਾਂ ਨੂੰ ਚਾਂਦਪੁਰਾ ਬੰਨ੍ਹ ਟੁੱਟਣ ਦਾ ਹੀ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਇਹ ਬੰਨ੍ਹ ਟੁੱਟਣ ਕਰਕੇ ਸਰਦੂਲਗੜ੍ਹ ਸਬ-ਡਵੀਜ਼ਨ ਦੇ ਝੁਨੀਰ ਨੇੜਲੇ ਕਈ ਪਿੰਡਾਂ ਵਿੱਚ ਘੱਗਰ ਦਾ ਪਾਣੀ ਅਕਸਰ ਫ਼ਸਲਾਂ ਅਤੇ ਘਰਾਂ ਨੂੰ ਮਾਰ ਜਾਂਦਾ ਹੈ।
ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਬੇਸ਼ੱਕ ਚਾਂਦਪੁਰਾ ਸਾਈਫਨ ਉਪਰ ਬੰਨ੍ਹ ਬੇਹੱਦ ਮਜ਼ਬੂਤ ਹਨ, ਪਰ ਮੌਨਸੂਨ ਅਜੇ ਤੱਕ ਵਾਪਸ ਨਹੀਂ ਗਈ ਹੈ ਅਤੇ ਮੌਸਮ ਮਹਿਕਮੇ ਵੱਲੋਂ ਪਹਾੜਾਂ ਉਪਰ ਮੀਂਹ ਪੈਣ ਦੇ ਅਸਾਰ ਦੀਆਂ ਖ਼ਬਰਾਂ ਨੇ ਇਲਾਕੇ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾ ਰੱਖਿਆ ਹੈ, ਪਰ ਪ੍ਰਸ਼ਾਸਨਿਕ ਤੌਰ ’ਤੇ ਬੰਨ੍ਹਾਂ ਦੀ ਪੂਰੀ ਮਜ਼ਬੂਤੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਘੱਗਰ ਟੁੱਟਣ ਬਾਰੇ ਬਣੇ ਵਹਿਮ ਨੂੰ ਲਗਾਤਾਰ ਭਰੋਸਾ ਦੇਕੇ ਕੱਢਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਜੇਕਰ ਅਗਲੇ 24 ਘੰਟਿਆਂ ਵਿੱਚ ਘੱਗਰ ਵਿੱਚ ਚੱਲ ਰਹੇ 72 ਘੰਟਿਆਂ ਤੋਂ ਪਾਣੀ ਹੋਰ ਥੱਲੇ ਉਤਰ ਜਾਂਦਾ ਹੈ ਤਾਂ ਇਸ ਨੂੰ ਇਲਾਕੇ ਲਈ ਸ਼ੁਭ ਸ਼ਗਨ ਮੰਨਿਆ ਜਾਵੇਗਾ। ਇਹ ਪਾਣੀ ਨਾ ਘੱਟਣ ਕਰਕੇ ਹੀ ਪਿੰਡਾਂ ਦੇ ਨੌਜਵਾਨਾਂ ਨੂੰ ਦਿਨੇ ਅਤੇ ਰਾਤ ਨੂੰ ਬੰਨ੍ਹਾਂ ਦੀ ਰਾਖੀ ਕਰਨੀ ਪੈ ਰਹੀ ਹੈ। ਪੁਰਾਣੇ ਬੁਜ਼ਰਗਾਂ ਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਘੱਗਰ ਇਸ ਵੇਲੇ ਉਤਰ ਕਿਉਂ ਨਹੀਂ ਰਿਹਾ ਹੈ। ਹਾਲਾਂਕਿ ਹਰਿਆਣਾ ਦੀ ਟਾਂਗਰੀ ਅਤੇ ਮਾਰਕੰਡਾ ਨਦੀ ਵਿੱਚ ਪਾਣੀ ਘਟਿਆ ਹੈ। ਟਾਂਗਰੀ ਅਤੇ ਮਾਰਕੰਡਾ ਦਾ ਪਾਣੀ ਪੰਜਾਬ ਦੀਆਂ ਹੋਰਨਾਂ ਡਰੇਨਾਂ ਵਾਂਗ ਘੱਗਰ ਵਿੱਚ ਡਿੱਗਦਾ ਹੈ, ਜਿਸ ਨੇ ਸੰਗਰੂਰ ਦੇ ਗੂਹਲਾ ਚੀਕਾ ਅਤੇ ਖਨੌਰੀ ਇਲਾਕੇ ਸਮੇਤ ਮਾਨਸਾ ਜ਼ਿਲ੍ਹੇ ਲਈ ਖ਼ਤਰਾ ਖੜ੍ਹਾ ਕੀਤਾ ਹੋਇਆ ਹੈ।
ਸੇਮ ਨਾਲੇ ਦਾ ਪਾਣੀ ਢਾਣੀਆਂ ਤੱਕ ਪੁੱਜਿਆ
ਲੰਬੀ (ਇਕਬਾਲ ਸਿੰਘ ਸ਼ਾਂਤ): ਸਫ਼ਾਈ ਨਾ ਹੋਣ ਕਰ ਕੇ ਤਿੰਨ ਸੇਮ ਨਾਲਿਆਂ ਦੇ ਓਵਰਫਲੋਅ ਹੋਣ ਕਾਰਨ ਪੰਜਾਵਾ ਪਿੰਡ ਡੁੱਬਣ ਦੇ ਆਸਾਰ ਹਨ। ਪਿਛਲੇ ਦੋ ਹਫ਼ਤਿਆਂ ਤੋਂ ਪਾਣੀ ਵਧਣ ਨਾਲ ਖੇਤਾਂ ਦੀਆਂ ਢਾਣੀਆਂ ਤੱਕ ਪਾਣੀ ਪਹੁੰਚ ਗਿਆ ਹੈ। ਦਰਜਨਾਂ ਏਕੜ ਝੋਨੇ ਵਿੱਚ ਢਾਈ ਫੁੱਟ ਪਾਣੀ ਖੜ੍ਹਾਂ ਹੈ। ਅੱਜ ਪਿੱਡ ਵਾਸੀਆਂ ਨੇ ਨਹਿਰੀ ਪੁਲ ’ਤੇ ਧਰਨਾ ਲਗਾ ਕੇ ਲੰਬੀ-ਅਬੋਹਰ ਰੋਡ ਜਾਮ ਕਰ ਦਿੱਤੀ। ਧਰਨਾਕਾਰੀ ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਦੀ ਫ਼ਸਲ ਬਰਬਾਦ ਹੋ ਰਹੀ ਹੈ। ਹੁਣ ਵੀ ਮੀਂਹਾਂ ਤੇ ਹੜਾਂ ਕਰਕੇ ਪਿਛਲੇ ਪਿੰਡਾਂ ਦਾ ਪਾਣੀ ਆ ਰਿਹਾ ਹੈ, ਪਰ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਨਿਕਾਸੀ ਰੁਕੀ ਹੈ। ਸਾਲਾਂ ਪਹਿਲਾਂ ਲਗੀਆਂ ਨਿਕਾਸੀ ਮੋਟਰਾਂ ਵੀ ਬੰਦ ਪਈਆਂ ਹਨ। ਜੇ ਤੁਰੰਤ ਸਫ਼ਾਈ ਨਾ ਹੋਈ ਤਾਂ ਪਾਣੀ ਘਰਾਂ ਵਿੱਚ ਵੜ ਸਕਦਾ ਹੈ।