ਸਿੱਖ ਪੰਥ ਹੁਣ ਇੱਕਜੁਟ ਹੋ ਰਿਹੈ: ਸਿਮਰਨਜੀਤ ਮਾਨ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 15 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ, ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਤਖ਼ਤੂਪੁਰਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਕਾਨਫਰੰਸ ਕੀਤੀ ਗਈ। ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੀ ਮੰਗ ਦੁਹਰਾਉਂਦਿਆਂ ਸ਼ਹੀਦਾਂ ਦੇ ਪੂਰਨਿਆਂ ਉੱਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਖ਼ਾਲਸਾ ਪੰਥ ਦੀ ਮੁਕੰਮਲ ਆਜ਼ਾਦੀ ਦੀ ਜੰਗ ਨੂੰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਮੰਜ਼ਿਲ ਉੱਤੇ ਪਹੁੰਚਣ ਲਈ ਦ੍ਰਿੜਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੁਣ ਪੰਥ ਇਕੱਠਾ ਹੋ ਰਿਹਾ ਹੈ। ਆਜ਼ਾਦੀ ਜਾਨਵਰ ਵੀ ਚਾਹੁੰਦਾ ਹੈ ਤੇ ਮਨੁੱਖ ਨੂੰ ਆਜ਼ਾਦੀ ਵੀ ਪੂਰਨ ਚਾਹੀਦੀ ਹੈ। ਖਾਲਿਸਤਾਨ ਤੋਂ ਘੱਟ ਸਿੱਖਾਂ ਨੂੰ ਕੋਈ ਮੰਗ ਪ੍ਰਵਾਨ ਨਹੀਂ। ਉਨ੍ਹਾਂ ਹਾਜ਼ਰੀਨ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜਕੇ ਯੋਗਦਾਨ ਪਾਉਣ ਲਈ ਅਖਿਆ। ਮਾਨ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਮੰਗਾਂ ਮੰਨਣ ਲਈ ਆਖਿਆ। ਇਸ ਸਮੇ ਪ੍ਰਧਾਨ ਹਰਪਾਲ ਸਿੰਘ ਕੁੱਸਾ, ਬਲਦੇਵ ਸਿੰਘ ਗਗੜਾ, ਭੁਪਿੰਦਰ ਬਿਲਾਸਪੁਰ, ਬਲਵਿੰਦਰ ਸਿੰਘ, ਅੰਗਰੇਜ ਸਿੰਘ ਤਖਤੂਪੁਰਾ, ਦਲਜੀਤ ਸਿੰਘ ਘੋਲੀਆ, ਚਮਕੌਰ ਸਿੰਘ ਸਮਾਲਸਰ ਆਦਿ ਹਾਜ਼ਰ ਸਨ।