ਮਜ਼ਦੂਰਾਂ ਤੇ ਕਿਸਾਨਾਂ ਦੇ ਇਕੱਠ ਕਾਰਨ ਨਾ ਹੋਈ ਕੁਰਕੀ
ਸ਼ਗਨ ਕਟਾਰੀਆ
ਜੈਤੋ, 10 ਜੁਲਾਈ
ਇੱਕ ਬੈਂਕ ਵੱਲੋਂ ਅੱਜ ਪਿੰਡ ਭਗਤੂਆਣਾ ਵਿੱਚ ਕਥਿਤ ਇੱਕ ਮਜ਼ਦੂਰ ਪਰਿਵਾਰ ਦੀ ਕੁਰਕੀ ਕੀਤੀ ਜਾਣੀ ਸੀ, ਪਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਕੁਰਕੀ ਸਥਾਨ ’ਤੇ ਪਹਿਲਾਂ ਅੱਪੜ ਜਾਣ ਕਰਕੇ ਕੁਰਕੀ ਕਰਨ ਕੋਈ ਵੀ ਅਧਿਕਾਰੀ ਨਹੀਂ ਆਇਆ।
ਮੌਕੇ ’ਤੇ ਪੁੱਜੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗੁਰਪਾਲ ਸਿੰਘ ਨੰਗਲ, ਬਲਦੇਵ ਸਿੰਘ ਮੱਤਾ ਤੇ ਬਲਵਿੰਦਰ ਸਿੰਘ ਮੱਤਾ ਅਨੁਸਾਰ ਇਸ ਤੋਂ ਪਹਿਲਾਂ 2 ਜੁਲਾਈ ਦਾ ਦਿਨ ਕੁਰਕੀ ਲਈ ਮੁਕੱਰਰ ਕੀਤਾ ਗਿਆ ਸੀ, ਉਸ ਦਿਨ ਵੀ ਉਥੇ ਵਿਰੋਧ ਲਈ ਜੁੜੇ ਲੋਕਾਂ ਨੂੰ ਵੇਖ ਕੇ ਇਹ ਕਾਰਵਾਈ ਨਹੀਂ ਹੋ ਸਕੀ। ਉਨ੍ਹਾਂ ਮੁਤਾਬਿਕ ਉਸ ਤੋਂ ਬਾਅਦ ਬੈਂਕ ਵੱਲੋਂ 10 ਜੁਲਾਈ ਨੂੰ ਕੁਰਕੀ ਕਰਨ ਦਾ ਦੁਬਾਰਾ ਨੋਟਿਸ ਲਾਇਆ ਗਿਆ ਸੀ, ਪਰ ਲੋਕਾਂ ਨੇ ਜਥੇਬੰਦੀਆਂ ਦੀਆਂ ਅਗਵਾਈ ਵਿੱਚ ਇਕੱਠ ਕਰਕੇ ਮਜ਼ਦੂਰ ਦੇ ਘਰ ਦੀ ਪਹਿਰੇਦਾਰੀ ਕੀਤੀ, ਜਿਸ ਕਾਰਨ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਕਥਿਤ ਲੋਟੂ ਬੈਂਕਾਂ ਅਤੇ ਸੂਦਖ਼ੋਰੀ ਖ਼ਿਲਾਫ਼ ਸਾਂਝੇ ਇਕੱਠ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਲੋਕ ਤਾਕਤ ਹੀ ਹਰ ਕਿਸਮ ਦੇ ਜਬਰ ਅਤੇ ਲੁੱਟ ਵਿਰੁੱਧ ਖੜ੍ਹ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ, ਕਿਸਾਨਾਂ ਸਿਰ ਚੜ੍ਹੇ ਪਹਿਲਾਂ ਵਾਲੇ ਸਰਕਾਰੀ ਅਤੇ ਗ਼ੈਰ-ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਸਰਕਾਰੀ ਬੈਂਕਾਂ ਤੋਂ ਹੋਰ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ।