ਪੁਸਤਕ ‘ਦੀਨਾ ਕਾਂਗੜ ਦਾ ਇਤਿਹਾਸ’ ਦਾ ਦੂਜਾ ਐਡੀਸ਼ਨ ਲੋਕ ਅਰਪਣ
ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਲੇਖਿਕਾ ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਵੱਲੋਂ ਲਿਖੀ ਕਿਤਾਬ ‘ਦੀਨਾ ਕਾਂਗੜ ਦਾ ਇਤਿਹਾਸ’ ਦਾ ਦੂਜਾ ਐਡੀਸ਼ਨ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਅਤੇ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਰਿਲੀਜ਼ ਕੀਤਾ।
ਲੇਖਿਕਾ ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਨੇ ਦੱਸਿਆ ਕਿ ਇਹ ਕਿਤਾਬ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਣ ਵਾਲੇ ਇਤਿਹਾਸਕ ਪਿੰਡ ਦੀਨਾ ਕਾਂਗੜ ਦੀ ਵਿਰਾਸਤ ਅਤੇ ਗੁਰਮਤਿ ਇਤਿਹਾਸ ਬਾਰੇ ਚਾਨਣਾ ਪਾਉਂਦੀ ਹੈ। ਜਥੇਦਾਰ ਟੇਕ ਸਿੰਘ ਨੇ ਇਸ ਕਿਤਾਬ ਨੂੰ ਮਾਲਵੇ ਦੇ ਇਤਿਹਾਸ ਦੀ ਪਹਿਲੀ ਕਿਤਾਬ ਦੱਸਦਿਆਂ ਕਿਹਾ ਕਿ ਇਸ ’ਚ ਮਾਲਵੇ ਦਾ ਪੂਰਾ ਇਤਿਹਾਸ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਿਤਾਬ ਸਕੂਲਾਂ, ਕਾਲਜਾਂ ਤੇ ਇਤਿਹਾਸਕ ਅਦਾਰਿਆਂ ’ਚ ਜ਼ਰੂਰ ਪਹੁੰਚਣੀ ਚਾਹੀਦੀ ਹੈ। ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕਿਹਾ ਕਿ ਇਹ ਕਿਤਾਬ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੇਗੀ। ਉਨ੍ਹਾਂ ਇਸ ਕਿਤਾਬ ਨੂੰ ਸ਼੍ਰੋਮਣੀ ਕਮੇਟੀ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਪਹੁੰਚਾਉਣ ਦਾ ਵਾਅਦਾ ਕੀਤਾ। ਇਸ ਮੌਕੇ ਤਖ਼ਤ ਸਾਹਿਬ ਦੇ ਵਧੀਕ ਮੈਨੇਜਰ ਗੁਰਦੇਵ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਹਾਜ਼ਰ ਸਨ।