ਧਨੌਲਾ ਨਗਰ ਕੌਂਸਲ ਵੱਲੋਂ ਪਲਾਸਟਿਕ ਮੁਕਤ ਸਕੀਮ ਤਹਿਤ ਲਿਫਾਫੇ ਜ਼ਬਤ ਕਰਨ ਗਏ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਇੱਕ ਦੁਕਾਨਦਾਰ ਵੱਲੋਂ ਕਥਿਤ ਚੋਰ ਆਖਣ ’ਤੇ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਦੁਕਾਨ ਅੱਗੇ ਕੂੜੇ ਦਾ ਢੇਰ ਲਾ ਦਿੱਤਾ ਤੇ ਸੜਕ ਜਾਮ ਕਰ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਗਰ ਕੌਂਸਲ ਦੇ ਕਰਮਚਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਨਗਰ ਕੌਂਸਲ ਧਨੌਲਾ ਦੇ ਸਫ਼ਾਈ ਸੇਵਕ ਪਲਾਸਟਿਕ ਸਫ਼ਾਈ ਮੁਹਿੰਮ ਤਹਿਤ ਲਿਫਾਫੇ ਜ਼ਬਤ ਕਰਨ ਗਏ ਸਨ, ਇਸ ਦੌਰਾਨ ਲਿਫਾਫੇ ਕਬਜ਼ੇ ਵਿੱਚ ਲੈ ਕੇ ਚਲਾਨ ਕੱਟਿਆ ਗਿਆ ਤਾਂ ਉਸ ਦੁਕਾਨਦਾਰ ਵੱਲੋਂ ਪਹਿਲਾਂ ਤਾਂ ਕਰਮਚਾਰੀਆਂ ਨਾਲ ਗਾਲੀ-ਗਲੋਚ ਕੀਤਾ ਗਿਆ ਤੇ ਬਾਅਦ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁਕ ਉੱਪਰ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਚੋਰ ਸ਼ਬਦ ਲਿਖ ਦਿੱਤਾ। ਇਸ ਤੋਂ ਗੁੱਸੇ ਵਿੱਚ ਆਏ ਕਰਮਚਾਰੀਆਂ ਨੇ ਪੁਲੀਸ ਨੂੰ ਦਰਖਾਸਤ ਦਿੱਤੀ ਪਰ ਪੁਲੀਸ ਵੱਲੋਂ ਤੁਰੰਤ ਕਾਰਵਾਈ ਨਾ ਕਰਨ ਕਾਰਨ ਸਫ਼ਾਈ ਸੇਵਕਾਂ ਨੇ ਗੁੱਸੇ ’ਚ ਦੁਕਾਨ ਅੱਗੇ ਕੂੜੇ ਦਾ ਢੇਰ ਲਾ ਕੇ ਸੜਕ ਜਾਮ ਕਰ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੜਕ ਜਾਮ ਹੁੰਦਿਆਂ ਹੀ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲੀਸ ਨੇ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਅਤੇ ਥਾਣਾ ਇੰਚਾਰਜ ਧਨੌਲਾ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਆਪਸੀ ਸੁਲਾਹ ਕਰਵਾ ਦਿੱਤੀ।