ਪਿੰਡ ਸੇਵੇਵਾਲਾ ਦੇ ਨਜ਼ਦੀਕ ਦਿਨ-ਦਿਹਾੜੇ ਇੱਕ ਕਾਰ ਸਵਾਰ ਦੀ ਕੁੱਟਮਾਰ ਕਰਕੇ ਤਿੰਨ ਲੁਟੇਰਿਆਂ ਨੇ ਉਸ ਦੀ ਕਾਰ, ਫ਼ੋਨ ਅਤੇ ਨਗਦੀ ਖੋਹ ਲਈ। ਜੈਤੋ ਪੁਲੀਸ ਨੇ ਇਸ ਮਾਮਲੇ ’ਚ ਬੀਐੱਨਐੱਸ ਦੀ ਧਾਰਾ 304/115(2)/3(5) ਤਹਿਤ ਤਿੰਨ ਨਾ-ਮਾਲੂਮ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਰਾਜਿੰਦਰ ਸਿੰਘ ਨੇ ਦੱਸਿਆ ਕਿ ‘ਜਦੋਂ ਲੁਟੇਰੇ ਸੜਕ ’ਤੇ ਉਸ ਨੂੰ ਕੁੱਟ ਰਹੇ ਸਨ, ਤਾਂ ਕੋਲੋਂ ਲੰਘੀਆਂ ਬੱਸਾਂ, ਕਾਰਾਂ ’ਤੇ ਸਵਾਰ ਬਹੁਤ ਸਾਰੇ ਲੋਕਾਂ ਨੇ ਇਹ ਮਾਜ਼ਰਾ ਦੇਖਿਆ, ਪਰ ਅਫਸੋਸ ਕਿ ਕਿਸੇ ਨੇ ਵੀ ਅੱਗੇ ਹੋ ਕੇ ਉਸ ਨੂੰ ਛੁਡਾਉਣ ਦੀ ਹਿੰਮਤ ਨਹੀਂ ਦਿਖਾਈ।’
ਜਾਣਕਾਰੀ ਅਨੁਸਾਰ ਪੀੜਤ ਰਾਜਿੰਦਰ ਸਿੰਘ ਵਾਸੀ ਪਿੰਡ ਕਰਾਈ ਵਾਲਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਆਪਣਾ ਮੈਡੀਕਲ ਸਟੋਰ ਹੈ ਅਤੇ ਉਸ ਦੇ ਵੱਡਾ ਭਰਾ ਸੁਖਪਾਲ ਸਿੰਘ ਅਤੇ ਛੋਟਾ ਭਰਾ ਸੁਖਵੀਰ ਸਿੰਘ ਪਿੰਡ ਸੇਵੇਵਾਲਾ ਰਹਿੰਦੇ ਹਨ। ਉਹ ਆਪਣੇ ਭਰਾਵਾਂ ਨੂੰ ਮਿਲਣ ਲਈ 24 ਅਗਸਤ ਨੂੰ ਆਪਣੀ ਕਾਰ ’ਚ ਪਿੰਡ ਸੇਵੇਵਾਲਾ ਆਇਆ ਸੀ। ਰਾਤ ਰਹਿਣ ਬਾਅਦ ਜਦੋਂ ਉਹ ਕਾਰ ਰਾਹੀਂ ਸੇਵੇਵਾਲਾ ਤੋਂ ਬਠਿੰਡਾ ਨੂੰ ਜਾ ਰਿਹਾ ਸੀ, ਤਾਂ ਮੰਗਲਵਾਰ ਨੂੰ ਦੁਪਹਿਰੇ ਕਰੀਬ 11.45 ਵਜੇ ਰਸਤੇ ’ਚ ਢਾਹਣੀ ਸੰਤਾ ਸਿੰਘ ਤੋਂ ਥੋੜ੍ਹਾ ਸੜਕ ਦੇ ਸੱਜੇ ਪਾਸੇ ਇੱਕ ਭੂਰੇ ਰੰਗ ਦੀ ਕਾਰ ਕੋਲ ਖੜੇ ਦੋ ਨੌਜਵਾਨਾਂ ਨੇ ਉਸ ਨੂੰ ਕਾਰ ਰੁਕਣ ਦਾ ਇਸ਼ਾਰਾ ਕੀਤਾ।
ਉਸ ਨੇ ਆਪਣੀ ਗੱਡੀ ਰੋਕ ਲਈ, ਤਾਂ ਕਾਰ ਡਰਾਈਵਰ ਅਤੇ ਉਸ ਦੇ ਸਾਥੀ ਦੋਵੇਂ ਨੌਜਵਾਨ ਉਸ ਕੋਲੋਂ ਮੋਬਾਈਲ ਅਤੇ ਕਾਰ ਦੀ ਚਾਬੀ ਖੋਹਣ ਲੱਗੇ। ਇਸ ਦੌਰਾਨ ਉਸ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਪਹਿਲਾਂ ਹੱਥੋਪਾਈ ਕੀਤੀ ਅਤੇ ਫਿਰ ਬੇਸਬਾਲ ਨਾਲ ਸਖ਼ਤ ਕੁੱਟਮਾਰ ਕੀਤੀ ਗਈ। ਰਾਜਿੰਦਰ ਵੱਲੋਂ ਰੌਲਾ ਪਾਉਣ ’ਤੇ ਇੱਕ ਨੌਜਵਾਨ ਨੇ ਉਸ ਤੋਂ ਕਾਰ ਦੀ ਚਾਬੀ ਖੋਹੀ ਅਤੇ ਕਾਰ ਨੂੰ ਬਠਿੰਡਾ ਤਰਫ਼ ਭਜਾ ਕੇ ਲੈ ਗਿਆ।