ਥੀਏਟਰ ਫੈਸਟੀਵਲ ਮੌਕੇ ‘ਤਸਵੀਰ ਦਾ ਤੀਜਾ ਪਾਸਾ’ ਨਾਟਕ ਖੇਡਿਆ
ਧਾਰਮਿਕ ਤਾਣੇ-ਬਾਣੇ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨ ਸਮਝਣ ਦਾ ਸੁਨੇਹਾ
ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਨਾਲ਼ ਚੱਲ ਰਹੇ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਗਿਆਰ੍ਹਵੇਂ ਦਿਨ ਸੰਜੀਦਾ ਅਤੇ ਸੰਵੇਦਨਸ਼ੀਲ ਨਾਟਕ ‘ਤਸਵੀਰ ਦਾ ਤੀਜਾ ਪਾਸਾ’ ਖੇਡਿਆ ਗਿਆ। ਡਾ. ਆਤਮਜੀਤ ਦੇ ਲਿਖੇ ਇਸ ਨਾਟਕ ਨੂੰ ਟੀਮ ਨਾਟਿਅਮ ਪੰਜਾਬ ਨੇ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਖੇਡਿਆ। ਇਸ ਗੰਭੀਰ ਨਾਟਕ ਦੀ ਕਹਾਣੀ ਅਪਰੇਸ਼ਨ ਬਲੂ ਸਟਾਰ, ਕੰਧਾਰ ਪਲੇਨ ਹਾਈ ਜੈੱਕ ਅਤੇ ਛਿੱਟੀ ਸਿੰਘਪੁਰੇ ਦੀਆਂ ਘਟਨਾਵਾਂ ਦੇ ਦੁਆਲੇ ਘੁੰਮਦੀ ਰਹੀ। ਨਾਟਕ ਵਿੱਚ ਬੜੀ ਹੀ ਖੂਬਸੂਰਤੀ ਨਾਲ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਇਨਸਾਨੀਅਤ ਦਾ ਧਰਮ ਸਭ ਤੋਂ ਉੱਪਰ ਹੈ। ਨਾਟ-ਉਤਸਵ ਦੇ ਗਿਆਰ੍ਹਵੇਂ ਦਿਨ ਸਤਿਕਾਰਿਤ ਮਹਿਮਾਨਾਂ ਵਜੋਂ ਡਾ. ਸਤੀਸ਼ ਕੁਮਾਰ ਵਰਮਾ ਸਥਾਪਿਤ ਬਹੁ-ਵਿਧਾਵੀ ਲੇਖਕ ਅਤੇ ਵਕਤਾ ਅਤੇ ਡਾ. ਸੁਖਚੈਨ ਸਿੰਘ ਬਰਾੜ ਡਾਇਰੈਕਟਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨ ਵਾਲਾ ਫਰੀਦਕੋਟ ਨੇ ਸ਼ਿਰਕਤ ਕੀਤੀ। ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਡਾ. ਪੂਜਾ ਗੁਪਤਾ ਅਤੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਸਾਂਝੇ ਤੌਰ ’ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਜੋ ਨਾਟ ਕਲਾ ਦੀ ਜੋ ਜੋਤ ਬਲਵੰਤ ਗਾਰਗੀ ਨੇ ਬਠਿੰਡੇ ਦੇ ਟਿੱਬਿਆਂ ’ਚ ਜਗਾਈ ਸੀ ਨਿਰਦੇਸ਼ਕ ਤੇ ਅਦਾਕਾਰ ਕੀਰਤੀ ਕਿਰਪਾਲ ਅਤੇ ਨਾਟਿਅਮ ਪੰਜਾਬ ਦੀ ਪੂਰੀ ਟੀਮ ਉਸ ਨੂੰ ਜਗਦਾ ਰੱਖਣ ਲਈ ਅੱਜ ਵੀ ਪਹਿਰਾ ਦੇ ਰਹੀ ਹੈ।