ਪਿੰਡਾਂ ਦੀਆਂ ਲਿੰਕ ਸੜਕਾਂ ਦੀਆਂ ਬਰਮਾਂ ਵਾਹੁਣ ਦਾ ਰੁਝਾਨ ਤੇਜ਼ੀ ਫ਼ੜ ਰਿਹਾ ਹੈ, ਜਿਸ ਨੂੰ ਰੋਕਣ ਵਿੱਚ ਪ੍ਰਸ਼ਾਸਨ ਨਾਕਾਮ ਰਿਹਾ ਹੈ। ਪਿੰਡ ਕਲਾਲ ਮਾਜਰਾ ਤੋਂ ਕਿਰਪਾਲ ਸਿੰਘ ਵਾਲਾ ਨੂੰ ਜਾਂਦੀ ਲਿੰਕ ਸੜਕ ਦੀਆਂ ਬਰਮਾਂ ਨੂੰ ਨਾਲ ਲੱਗਦੇ ਖੇਤਾਂ ਵਾਲਿਆਂ ਨੇ ਕਥਿਤ ਵਾਹ ਦਿੱਤਾ ਹੈ ਜਿਸ ਕਰ ਕੇ ਇਸ ਸੜਕ ਦੇ ਟੁੱਟਣ ਦੇ ਆਸਾਰ ਹਨ ਅਤੇ ਸੜਕ ਹਾਦਸੇ ਵਾਪਰਨ ਦਾ ਵੀ ਖ਼ਦਸ਼ਾ ਹੈ। ਇਸ ਸਬੰਧੀ ਕਲਾਲ ਮਾਜਰਾ ਦੀ ਪੰਚਾਇਤ ਵੱਲੋਂ ਇੱਕ ਲਿਖਤੀ ਸ਼ਿਕਾਇਤ ਐੱਸਡੀਐੱਮ ਮਹਿਲ ਕਲਾਂ ਨੂੰ ਵੀ ਦਿੱਤੀ ਗਈ ਹੈ।
ਪੰਚਾਇਤ ਵੱਲੋਂ ਦਿੱਤੀ ਗਈ ਦਰਖ਼ਾਸਤ ਅਨੁਸਾਰ ਇਸ ਲਿੰਕ ਸੜਕ ਦੇ ਇੱਕ ਪਾਸੇ 24 ਫ਼ੁੱਟ ਅਤੇ ਦੂਜੇ ਬੰਨ੍ਹੇ 12 ਫ਼ੁੱਟ ਸਰਕਾਰੀ ਜਗ੍ਹਾ ਹੈ। ਇਸ ਸੜਕ ’ਤੇ ਲੱਗਦੇ ਇੱਕ ਖ਼ੇਤ ਮਾਲਕ ਵੱਲੋਂ ਸੜਕ ਨਾਲ ਦੀ ਸਾਰੀ ਬਰਮ ਨੂੰ ਵਾਹ ਕੇ ਆਪਣੇ ਖੇਤ ਨਾਲ ਮਿਲਾ ਲਿਆ ਗਿਆ ਹੈ। ਇਸ ਕਾਰਨ ਹੁਣ ਸੜਕ ਦੇ ਟੁੱਟਣ ਦਾ ਖ਼ਤਰਾ ਵਧ ਗਿਆ ਹੈ। ਪੰਚਾਇਤ ਅਨੁਸਾਰ ਰਸਤੇ ਦੀ ਥਾਂ ਤੰਗ ਹੋਣ ਕਾਰਨ ਸਕੂਲੀ ਬੱਸਾਂ ਅਤੇ ਹੋਰ ਆਵਾਜਾਈ ਦੇ ਲੰਘਣ ਵਿੱਚ ਮੁਸ਼ਕਿਲ ਆ ਰਹੀ ਹੈ। ਪੰਚਾਇਤ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਮਹਿਲ ਕਲਾਂ-ਕਲਾਲ ਮਾਜਰਾ ਸੜਕ ਦੀਆਂ ਬਰਮਾਂ ਨਾ ਹੋਣ ਕਾਰਨ ਇੱਕ ਸਕੂਲੀ ਬੱਸ ਪਲਟ ਗਈ ਸੀ ਅਤੇ ਉਸ ਵਾਂਗ ਇੱਥੇ ਵੀ ਹਾਦਸੇ ਵਾਪਰਨ ਦਾ ਡਰ ਹੈ। ਇਸ ਕਰ ਕੇ ਉਨ੍ਹਾਂ ਐੱਸਡੀਐੱਮ ਅਤੇ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਸੜਕ ਨਾਲ ਕਬਜ਼ਾ ਕੀਤੀਆਂ ਬਰਮਾਂ ਨੂੰ ਛੁਡਾਇਆ ਜਾਵੇ ਤਾਂ ਕਿ ਲੋਕਾਂ ਨੂੰ ਸਮੱਸਿਆ ਨਾ ਆ ਸਕੇ।
ਇਸ ਸਬੰਧੀ ਐੱਸਡੀਐੱਮ ਮਹਿਲ ਕਲਾਂ ਸਿਮਰਪ੍ਰੀਤ ਕੌਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਤੁਰੰਤ ਬਰਮਾਂ ਛੁਡਾਉਣ ਦੇ ਹੁਕਮ ਦਿੱਤੇ ਗਏ ਹਨ। ਹਰ ਹਾਲਤ ਇਹ ਬਰਮਾ ਦੇ ਕਬਜ਼ੇ ਛੁਡਾਏ ਜਾਣਗੇ।