ਪ੍ਰੇਮੀ ਜੋੜੇ ਨੇ ਖ਼ੁਦਕੁਸ਼ੀ ਕੀਤੀ
ਇੱਥੋਂ ਦੇ ਥਾਣਾ ਬਾਘਾਪੁਰਾਣਾ ਨੇੜੇ ਪਿੰਡ ਗਿੱਲ ਕੋਲੋਂ ਲੰਘਦੇ ਰਜਵਾਹੇ ਦੀ ਪਟੜੀ ਉੱਤੇ ਇੱਕ ਪ੍ਰੇਮੀ ਜੋੜੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ ਗਿਆ। ਥਾਣਾ ਬਾਘਾਪੁਰਾਣਾ ਦੀ ਪੁਲੀਸ ਮੌਕੇ ’ਤੇ ਪਹੁੰਚੀ। ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਜੋੜੇ ਨੂੰ ਦੇਖਕੇ ਜਾਪਦਾ ਸੀ ਕਿ ਉਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗ਼ਲੀ ਹੋ ਸਕਦੀ ਹੈ। ਪੁਲੀਸ ਨੇ ਐਂਬੂਲੈਂਸ ਰਾਹੀਂ ਜੋੜੇ ਨੂੰ ਹਸਪਤਾਲ ਭੇਜਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲੀਸ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ (28) ਪਿੰਡ ਚੜਿੱਕ ਵਜੋਂ ਹੋਈ ਹੈ, ਉਹ ਕੁਆਰਾ ਸੀ ਅਤੇ ਦਰਜੀ ਦਾ ਕੰਮ ਕਰਦਾ ਸੀ। ਮ੍ਰਿਤਕ ਔਰਤ ਦੀ ਪਛਾਣ ਜੱਸੀ ਵਜੋਂ ਹੋਈ ਹੈ ਜੋ ਇਸੇ ਪਿੰਡ ’ਚ ਵਿਆਹੀ ਹੋਈ ਸੀ ਤੇ ਉਸ ਦੇ ਦੋ ਬੱਚੇ ਵੀ ਹਨ। ਮ੍ਰਿਤਕ ਜੋੜੇ ਦੇ ਪ੍ਰੇਮ ਸਬੰਧਾਂ ਕਾਰਨ ਔਰਤ ਦਾ ਤਲਾਕ ਹੋ ਗਿਆ ਸੀ ਤੇ ਉਹ ਆਪਣੇ ਪੇਕੇ ਰਹਿ ਰਹੀ ਸੀ। ਪੁਲੀਸ ਮੁਤਾਬਕ ਪੋਸਟਮਾਰਟਮ ਮਗਰੋਂ ਹੀ ਜ਼ਹਿਰੀਲੇ ਪਦਾਰਥ ਦਾ ਪਤਾ ਲੱਗ ਸਕੇਗਾ।