ਲਾਈਟ ਐਂਡ ਸਾਊਂਡ ਸ਼ੋਅ: ਗੁਰੂ ਸਾਹਿਬ ਦੇ ਜੀਵਨ ਬਾਰੇ ਦੱਸਿਆ
ਕੈਬਨਿਟ ਮੰਤਰੀ ਗੋਇਲ, ਵਿਧਾਇਕਾਂ ਤੇ ਸੰਗਤ ਨੇ ਸ਼ਮੂਲੀਅਤ ਕੀਤੀ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਪਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਇਥੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ, ਜਿਸ ਵਿੱਚ ਸੈਂਕੜੇ ਸ਼ਰਧਾਲੂ ਸ਼ਾਮਲ ਹੋਏ। ਇਸ ਸ਼ੋਅ ਨੇ ਲਾਈਟ ਐਂਡ ਸਾਊਂਡ ਰਾਹੀਂ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਯਾਤਰਾ ਅਤੇ ਵਿਚਾਰਧਾਰਾ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ। ਦਰਸ਼ਕਾਂ ਨੂੰ ਅਤਿ-ਆਧੁਨਿਕ ਤਕਨੀਕ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਦੱਸੇ ਗਏ ਸਦਭਾਵਨਾ, ਸ਼ਾਂਤੀ, ਭਾਈਚਾਰਾ, ਦਇਆ ਅਤੇ ਮਨੁੱਖਤਾ ਦੇ ਸਿਧਾਂਤਾਂ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ’ਚ ਪੁੱਜੇ ਜਲ ਸਰੋਤ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਨੇ ਸਾਰਿਆਂ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਇਕੱਲੇ ਕਿਸੇ ਇੱਕ ਧਰਮ ਜਾਂ ਭਾਈਚਾਰੇ ਲਈ ਨਹੀਂ ਸਗੋਂ ਸਾਰੇ ਲੋਕਾਂ ਦੀ ਬੁਨਿਆਦੀ ਆਜ਼ਾਦੀ ਅਤੇ ਸਨਮਾਨ ਲਈ ਸੀ। ਉਨ੍ਹਾਂ ਸੰਗਤ ਨੂੰ 23 ਤੋਂ 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਨਤਮਸਤਕ ਹੋਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਢਾਡੀ ਜੱਥੇ ਵੱਲੋਂ ਵਾਰ ਗਾਇਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ, ਵਿਧਾਇਕ ਬੁੱਧ ਰਾਮ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਮਾਰਕੀਟ ਕਮੇਟੀ ਭੀਖੀ ਵਰਿੰਦਰ ਸੋਨੀ, ਚਰਨਜੀਤ ਸਿੰਘ ਅੱਕਾਂਵਾਲੀ, ਚੁਸ਼ਪਿੰਦਰਬੀਰ ਸਿੰਘ ਚਹਿਲ, ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ, ਡਿਪਟੀ ਕਮਿਸ਼ਨਰ ਨਵਜੋਤ ਕੌਰ, ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ ਕਰਮਚਾਰੀ ਤੇ ਸਕੂਲ ਵਿਦਿਆਰਥੀ ਮੌਜੂਦ ਸਨ।

