ਵਿਧਾਨ ਸਭਾ ਵਿੱਚ ਗੂੰਜਿਆ ਜੈਤੋ ਫਾਟਕ ਦਾ ਮੁੱਦਾ
ਜੈਤੋ (ਸ਼ਗਨ ਕਟਾਰੀਆ): ਇੱਥੋਂ ਦੇ ਮੁਕਤਸਰ ਰੋਡ ਵਾਲੇ ਚਰਚਿਤ ਰੇਲਵੇ ਫਾਟਕ ਦਾ ਮੁੱਦਾ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਉਠਾਇਆ ਗਿਆ। ਵਿਧਾਇਕ ਨੇ ਸਬੰਧਤ ਮੰਤਰੀ ਦੇ ਧਿਆਨ ’ਚ ਇਹ ਮਾਮਲਾ ਲਿਆਉਂਦਿਆਂ ਕਿਹਾ ਕਿ ਜੈਤੋ ਸਥਿਤ ਰੇਲਵੇ...
ਜੈਤੋ (ਸ਼ਗਨ ਕਟਾਰੀਆ): ਇੱਥੋਂ ਦੇ ਮੁਕਤਸਰ ਰੋਡ ਵਾਲੇ ਚਰਚਿਤ ਰੇਲਵੇ ਫਾਟਕ ਦਾ ਮੁੱਦਾ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਉਠਾਇਆ ਗਿਆ। ਵਿਧਾਇਕ ਨੇ ਸਬੰਧਤ ਮੰਤਰੀ ਦੇ ਧਿਆਨ ’ਚ ਇਹ ਮਾਮਲਾ ਲਿਆਉਂਦਿਆਂ ਕਿਹਾ ਕਿ ਜੈਤੋ ਸਥਿਤ ਰੇਲਵੇ ਕਰਾਸਿੰਗ ਨੰਬਰ 17-ਏ ’ਤੇ ਜ਼ਮੀਨਦੋਜ਼ ਜਾਂ ਫਿਰ ਹਵਾਈ ਪੁਲ ਉਸਾਰੇ ਜਾਣ ਦੀ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਜਾਵੇ। ਉਨ੍ਹਾਂ ਸਦਨ ’ਚ ਦੱਸਿਆ ਕਿ ਇਸ ਫਾਟਕ ਤੋਂ ਗੁਜ਼ਰਦੀ ਸੜਕ ਹਲਕੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਜੈਤੋ ਸ਼ਹਿਰ ਨਾਲ ਜੋੜਦੀ ਹੈ। ਜ਼ਿਕਰਯੋਗ ਹੈ ਕਿ ਇਹੋ ਸੜਕ ਜੈਤੋ ਨੂੰ ਮੁਕਤਸਰ ਅਤੇ ਗਿੱਦੜਬਾਹਾ ਸ਼ਹਿਰਾਂ ਨਾਲ ਵੀ ਜੋੜਦੀ ਹੈ। ਇਸ ਫਾਟਕ ਦਰਮਿਆਨ ਵਾਲੀ ਰੇਲ ਪਟੜੀ ਤੋਂ ਰੋਜ਼ਾਨਾ ਦੋ ਦਰਜਨ ਤੋਂ ਵੀ ਵੱਧ ਰੇਲ ਗੱਡੀਆਂ ਦੀ ਆਵਾਜਾਈ ਹੈ। ਜੈਤੋ ਦੀ ਵਸੋਂ ਦੇ ਦੋ ਵੱਡੇ ਹਿੱਸੇ ਫਾਟਕ ਦੇ ਦੋਵੇਂ ਪਾਸੇ ਆਬਾਦ ਹੋਣ ਕਰਕੇ ਅਤੇ ਅਹਿਮ ਅਦਾਰੇ ਤੇ ਦਫ਼ਤਰ ਦੋਵੇਂ ਪਾਸੇ ਹੋਣ ਕਰਕੇ ਮੁਕਾਮੀ ਲੋਕਾਂ ਦੀ ਆਵਾਜਾਈ ਵੀ ਇੱਥੇ ਬਹੁਤ ਹੈ। ਫਾਟਕ ਇਕ ਵਾਰ ਬੰਦ ਹੋਣ ’ਤੇ ਲੋਕਾਂ ਨੂੰ ਲੰਮੀ ਉਡੀਕ ਕਰਕੇ ਆਪਣਾ ਕੀਮਤੀ ਸਮਾਂ ਜਾਇਆ ਕਰਨਾ ਪੈਂਦਾ ਹੈ। ਪਿਛਲੇ ਲੰਮੇ ਅਰਸੇ ਤੋਂ ਲੋਕ ਇਸ ਫਾਟਕ ਦੀ ਜਗ੍ਹਾ ਪੁਲ ਬਣਾਏ ਜਾਣ ਦੀ ਮੰਗ ਕਰ ਰਹੇ ਹਨ, ਪਰ ਕਈ ਸਰਕਾਰਾਂ ਆਈਆਂ-ਗਈਆਂ ਮਸਲਾ ਹੱਲ ਹੋਣ ਦੀ ਬਜਾਇ ਦਿਨ-ਬ-ਦਿਨ ਜਟਿਲ ਹੁੰਦਾ ਜਾ ਰਿਹਾ ਹੈ।

