ਮੇਅਰ ਤੇ ਵਪਾਰੀਆਂ ਦੀ ਮੀਟਿੰਗ ’ਚ ਉੱਠਿਆ ਟੋਅ ਵੈਨਾਂ ਦਾ ਮੁੱਦਾ
ਮਿੱਡੂ-ਮੱਲ ਸਟਰੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਾਜਨ ਸ਼ਰਮਾ ਦੀ ਅਗਵਾਈ ’ਚ ਬਠਿੰਡਾ ਦੇ ਮੁੱਖ ਬਾਜ਼ਾਰਾਂ ਦੇ ਵਪਾਰੀ ਅੱਜ ਇੱਥੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਮਿਲੇ। ਇਸ ਮੁਲਾਕਾਤ ਦੌਰਾਨ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਮੇਅਰ ਨੂੰ ਦੱਸੀਆਂ। ਖਾਸ ਗੱਲ ਇਹ ਰਹੀ ਕਿ ਇਸ ਮੀਟਿੰਗ ’ਚ ਟੋਅ ਵੈਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਗਿਆ।
ਮੇਅਰ ਨੇ ਵਪਾਰੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਟੋਅ-ਵੈਨਾਂ ਦਾ ਮੁੱਦਾ ਇਸ ਮਹੀਨੇ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ‘ਜੇਕਰ ਕਾਰੋਬਾਰ ਹੈ, ਤਾਂ ਸ਼ਹਿਰ ਹੈ ਅਤੇ ਸ਼ਹਿਰ ਦੀ ਤਰੱਕੀ ਤੇ ਆਰਥਿਕਤਾ ਲਈ ਕਾਰੋਬਾਰ ਨੂੰ ਬਚਾਉਣਾ ਜ਼ਰੂਰੀ ਹੈ, ਇਸ ਲਈ ਵਪਾਰੀ ਭਾਈਚਾਰੇ ਦੀ ਬਿਹਤਰੀ ਲਈ ਸਖ਼ਤ ਅਤੇ ਢੁੱਕਵੇਂ ਕਦਮ ਚੁੱਕੇ ਜਾਣਗੇ’।
ਸ੍ਰੀ ਮਹਿਤਾ ਨੇ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਟੋਅ-ਵੈਨਾਂ ਦੇ ਮੁੱਦੇ ਦਾ ਪੂਰਾ ਹੱਲ ਲੱਭਿਆ ਜਾਵੇਗਾ, ਤਾਂ ਜੋ ਕਾਰੋਬਾਰ ਨੂੰ ਬਚਾਇਆ ਜਾ ਸਕੇ। ਸਾਜਨ ਸ਼ਰਮਾ ਨੇ ਕਿਹਾ ਕਿ ਟੋਅ-ਵੈਨਾਂ ਵੱਲੋਂ ਗਾਹਕਾਂ ਦੇ ਵਾਹਨਾਂ ਨੂੰ ਚੁੱਕਣ ਕਾਰਨ ਬਾਜ਼ਾਰਾਂ ਵਿੱਚ ਗਾਹਕਾਂ ਦੀ ਆਵਾਜਾਈ ਬੰਦ ਹੋ ਗਈ ਹੈ, ਜਿਸ ਕਾਰਨ ਕਾਰੋਬਾਰ ਖਤਮ ਹੋਣ ਦੇ ਕੰਢੇ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਟੋਹ-ਵੈਨਾਂ ਦੀ ਸਮੱਸਿਆ ਦਾ ਸਾਰਥਿਕ ਹੱਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਇਸ ਮਸਲੇ ਨੂੰ ਲੈ ਕੇ ਕਈ ਵਾਰ ਪ੍ਰਦਰਸ਼ਨ ਵੀ ਹੋ ਚੁੱਕੇ ਹਨ ਅਤੇ ਹੁਣ ਸ਼ਹਿਰੀਆਂ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਸਲੇ ਦੇ ਪੱਕੇ ਹੱਲ ਲਈ ਉਹ ਪ੍ਰਸਤਾਵਿਤ ਪ੍ਰੋਗਰਾਮ ਲਈ ਅਡਿੱਗ ਹਨ।