ਅੰਬਾਲਾ ’ਚੋਂ ਅਲਟਰਾਸਾਊਂਡ ਮਸ਼ੀਨ ਵਾਪਸ ਮੰਗਵਾਉਣ ਦਾ ਮੁੱਦਾ ਭਖ਼ਿਆ
ਭਾਜਪਾ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਅਨਿਲ ਵਿੱਜ ਦੇ ਸ਼ਹਿਰ ਅੰਬਾਲਾ ਭੇਜੀ ਸਿਵਲ ਹਸਪਤਾਲ ਡੱਬਵਾਲੀ ਦੀ ਅਲਟਰਾਸਾਊਂਡ ਮਸ਼ੀਨ ਨੂੰ ਵਾਪਸ ਮੰਗਵਾਉਣ ਦਾ ਮੁੱਦਾ ਫਿਰ ਚਰਚਾ ਵਿੱਚ ਹੈ। ਸਾਬਕਾ ਵਿਧਾਇਕ ਅਮਿਤ ਸਿਹਾਗ ਨੇ ਐਡੀਸ਼ਨਲ ਚੀਫ ਸੈਕਟਰੀ (ਸਿਹਤ) ਸੁਧੀਰ ਰਾਜਪਾਲ ਨੂੰ ਮੰਗ ਪੱਤਰ ਦਿੱਤਾ। ਸਾਲ 2019 ਵਿੱਚ ਇਥੇ ਹਸਪਤਾਲ ਵਿੱਚ ਰੇਡੀਓਲੋਜਿਸਟ ਦੀ ਤਾਇਨਾਤੀ ਨਹੀਂ ਸੀ, ਸਰਕਾਰ ਨੇ ਰੇਡੀਓਲੋਜਿਸਟ ਨਿਯੁਕਤ ਕਰਨ ਦੀ ਥਾਂ ਮਸ਼ੀਨ ਨੂੰ ਹੀ ਅੰਬਾਲਾ ਭੇਜ ਦਿੱਤਾ ਸੀ। ਹੁਣ 18 ਸਤੰਬਰ ਨੂੰ ਹਸਪਤਾਲ ਵਿੱਚ ਰੇਡੀਓਲੋਜਿਸਟ ਦੀ ਤਾਇਨਾਤੀ ਹੋਈ, ਪਰ ਮਸ਼ੀਨ ਅਜੇ ਵੀ ਨਹੀਂ ਆਈ। ਸਿਵਲ ਹਸਪਤਾਲ ਵਿੱਚ ਰੋਜ਼ਾਨਾ ਲਗਪਗ 450 ਮਰੀਜ਼ ਆਉਂਦੇ ਹਨ, ਜਿਨ੍ਹਾਂ ਵਿੱਚੋਂ ਗਰਭਵਤੀ ਔਰਤਾਂ ਸਮੇਤ ਕਰੀਬ 100 ਨੂੰ ਅਲਟਰਾਸਾਊਂਡ ਦੀ ਲੋੜ ਹੁੰਦੀ ਹੈ। ਮਸ਼ੀਨ ਨਾ ਹੋਣ ਕਾਰਨ ਮਰੀਜ਼ਾਂ ਨੂੰ ਨਿੱਜੀ ਖਰਚਾ ਝੱਲਣਾ ਪੈ ਰਿਹਾ ਹੈ। ਸਾਬਕਾ ਵਿਧਾਇਕ ਨੇ ਦੱਸਿਆ ਕਿ 2020-2023 ਵਿੱਚ ਉਨ੍ਹਾਂ ਕਈ ਵਾਰ ਵਿਧਾਨ ਸਭਾ ਅਤੇ ਅਧਿਕਾਰੀਆਂ ਨਾਲ ਮੁੱਦਾ ਉਠਾਇਆ। 2022 ਵਿੱਚ ਪ੍ਰਸ਼ਾਸਨ ਨੇ ਲਿਖਤੀ ਭਰੋਸਾ ਦਿੱਤਾ ਸੀ। ਹਾਲ ਹੀ ਵਿੱਚ ਏ ਸੀ ਐੱਸ ਨੇ ਡੱਬਵਾਲੀ ਵਿੱਚ ਮਸ਼ੀਨ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।