ਮਾਨਸਾ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਦਾ ਮਸਲਾ ਭਖਿਆ
ਨਗਰ ਕੌਂਸਲ ਮਾਨਸਾ ਦੀ ਹੋਈ ਚੋਣ ਦਾ ਰੇੜਕਾ ਵਧਦਾ ਜਾ ਰਿਹਾ ਹੈ। ਹਾਲਾਂਕਿ ਐੱਸਡੀਐੱਮ ਮਾਨਸਾ ਦੀ ਦੇਖ-ਰੇਖ ਹੇਠ ਹੋਈ ਚੋਣ ਵਿੱਚ ਉਮੀਦਵਾਰ ਜੇਤੂ ਐਲਾਨ ਦਿੱਤੇ ਹਨ, ਪਰ ਸੀਨੀਅਰ ਮੀਤ ਪ੍ਰਧਾਨ ਦੀ ਚੋਣ ’ਤੇ ਪਏ ਰੇੜਕੇ ਨੇ ਹੁਣ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਕਾਰ ਕੁੜੱਤਣ ਵਧਾ ਦਿੱਤੀ ਹੈ।
ਉਧਰ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਐੱਸਡੀਐੱਮ ਕਾਲਾ ਰਾਮ ਕਾਂਸਲ ਦੀ ਸ਼ਿਕਾਇਤ ’ਤੇ ਚੋਣ ਦੌਰਾਨ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦੀ ਸ਼ਿਕਾਇਤ ’ਤੇ ਕਾਂਗਰਸ ਦੇ ਕੌਂਸਲਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਕੌਂਸਲਰ ਨੇਮ ਕੁਮਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨੇਮ ਕੁਮਾਰ ਨੇਮਾ, ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਪ੍ਰਵੀਨ ਟੋਨੀ ਨੇ ਹਾਈਕੋਰਟ ਦਾ ਰੁਖ ਕਰਨ ਦਾ ਐਲਾਨ ਕੀਤਾ ਹੈ।
ਇਸੇ ਦੌਰਾਨ ਅੱਜ ਸ਼ਹਿਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ, ਬਲਕੌਰ ਸਿੰਘ ਸਿੱਧੂ, ਸਾਬਕਾ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਦੀ ਅਗਵਾਈ ਵਿਚ ਵਿਧਾਇਕ ਡਾ. ਵਿਜੈ ਸਿੰਗਲਾ ਦਾ ਪੁਤਲਾ ਫੂਕਕੇ ਸਰਕਾਰ,ਵਿਧਾਇਕ ਅਤੇ ਪ੍ਰਸ਼ਾਸ਼ਨ ਖਿਲਾਫ਼ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਜ਼ਿਮਨੀ ਚੋਣਾਂ, ਫਿਰ ਸਰਪੰਚੀ ਚੋਣਾਂ ਅਤੇ ਹੁਣ ਨਗਰ ਕੌਂਸਲ ਮਾਨਸਾ ਦੀ ਚੋਣ ਵਿਚ ਧੱਕੇਸ਼ਾਹੀ ਕਰ ਰਹੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੋਸ਼ ਲਾਉਂਦਿਆ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ’ਤੇ ਜੇਤੂ ਉਮੀਦਵਾਰ ਨੂੰ ਹਾਰਿਆ ਅਤੇ ਹਾਰੇ ਨੂੰ ਜੇਤੂ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸਦੇ ਖਿਲਾਫ਼ ਜਦੋਂ ਕੌਂਸਲਰ ਨੇਮ ਕੁਮਾਰ ਨੇ ਅਵਾਜ਼ ਚੁੱਕੀ ਤਾਂ ਉਸ ’ਤੇ ਦਬਾਅ ਪਾਉਣ ਲਈ ਉਸ ਖਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਚੋਣ ਨੂੰ ਕਾਨੂੰਨੀ ਚੁਣੌਤੀ ਦੇਣੀ ਬਣਦੀ ਹੈ।
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਜੇਤੂ ਰਹੇ ਵਿਸ਼ਾਲ ਜੈਨ ਗੋਲਡੀ ਨੇ ਕਿਹਾ ਕਿ ਚੋਣ ਦੌਰਾਨ ਉਨ੍ਹਾਂ ਅਤੇ ਨੇਮ ਕੁਮਾਰ ਨੂੰ 11-11 ਵੋਟਾਂ ਮਿਲੀਆਂ ਸਨ ਅਤੇ 12ਵੀਂ ਵਿਧਾਇਕ ਦੀ ਵੋਟ ਨਾਲ ਉਹ ਜੇਤੂ ਬਣੇ ਹਨ। ਇਸ ਵਿਚ ਨਾ ਕੋਈ ਧਾਂਦਲੀ, ਨਾ ਕੋਈ ਧੱਕੇਸ਼ਾਹੀ ਅਤੇ ਨਾ ਹੀ ਨਿਯਮਾਂ ਦੇ ਉਲਟ ਕੋਈ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀ ਝੂਠਾ ਪ੍ਰਚਾਰ ਕਰਕੇ ਗੁੰਮਰਾਹ ਕਰ ਰਹੇ ਹਨ।
ਵਿਧਾਇਕ ਡਾ.ਵਿਜੈ ਸਿੰਗਲਾ ਦਾ ਕਹਿਣਾ ਹੈ ਕਿ ਇਹ ਚੋਣ ਪਾਰਦਰਸ਼ੀ ਢੰਗ ਨਾਲ ਹੋਈ ਹੈ ਅਤੇ ਕੋਈ ਹੇਰ ਫੇਰ ਤੇ ਧੱਕੇਸ਼ਾਹੀ ਦਾ ਮਤਲਬ ਹੀ ਨਹੀਂ।