ਮੁੱਦਕੀ ’ਚ ਵਿਧਾਇਕ ਵੱਲੋਂ ਟਰਾਂਸਫਾਰਮਰ ਦਾ ਉਦਘਾਟਨ
ਅਧਿਕਾਰੀਆਂ ਨੂੰ ਡੇਢ ਘੰਟਾ ਕਰਨਾ ਪਿਆ ਵਿਧਾੲਿਕ ਦਾ ਇੰਤਜ਼ਾਰ; ਵਿਰੋਧੀ ਧਿਰਾਂ ਨੇ ਵਿਅੰਗ ਕੱਸੇ
ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਕਸਬਾ ਮੁੱਦਕੀ ਵਿੱਚ 3 ਲੱਖ ਰੁਪਏ ਦੀ ਕੀਮਤ ਵਾਲੇ ਬਿਜਲੀ ਟਰਾਂਸਫ਼ਾਰਮਰ ਦਾ ਉਦਘਾਟਨ ਕੀਤਾ। ਬਿਜਲੀ ਬੋਰਡ ਦੇ ਕਰੀਬ 8-10 ਅਧਿਕਾਰੀਆਂ ਨੂੰ ਇਸ ਉਦਘਾਟਨ ਲਈ ਵਿਧਾਇਕ ਦੀ ਕਰੀਬ ਡੇਢ ਘੰਟਾ ਇੰਤਜ਼ਾਰ ਕਰਨੀ ਪਈ। ਇਸ ਦੌਰਾਨ ਬਿਜਲੀ ਬੋਰਡ ਦੇ ਕਈ ਜ਼ਰੂਰੀ ਕੰਮ ਰੁਕੇ ਰਹੇ। ਅਧਿਕਾਰੀਆਂ ਵਿੱਚ ਇੱਕ ਐੱਸ ਡੀ ਓ ਤੇ 3 ਜੇ ਈ ਸ਼ਾਮਲ ਸਨ। ਛੁੱਟੀ ’ਤੇ ਗਏ ਕਈ ਅਧਿਕਾਰੀਆਂ ਨੂੰ ਵੀ ਇਸ 'ਅਤਿ ਮਹੱਤਵਪੂਰਨ ਉਦਘਾਟਨੀ ਸਮਾਰੋਹ' ਵਿੱਚ ਸ਼ਮੂਲੀਅਤ ਕਰਨੀ ਪਈ। ਇਹ ਖ਼ੁਸ਼ਨਸੀਬ ਟਰਾਂਸਫ਼ਾਰਮਰ ਪ੍ਰਾਇਮਰੀ ਸਕੂਲ ਦੇ ਮੁੱਖ ਗੇਟ ਨੇੜੇ 8-10 ਦਿਨ ਪਹਿਲਾਂ ਲਾਇਆ ਗਿਆ ਸੀ। ਵਿਧਾਇਕ ਦੇ ਇੰਤਜ਼ਾਰ ’ਚ ਬੈਠੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡਾਂ-ਸ਼ਹਿਰਾਂ ਦੇ ਓਵਰਲੋਡ ਇਲਾਕਿਆਂ ਨੂੰ ਅੰਡਰਲੋਡ ਕਰਨ ਲਈ ਨਵੇਂ ਟਰਾਂਸਫ਼ਾਰਮਰ ਰੱਖਣਾ ਰੁਟੀਨ ਵਰਕ ਹੈ। ਪਿਛਲੇ ਇੱਕ-ਡੇਢ ਮਹੀਨੇ 'ਚ ਇੱਥੇ 4-5 ਨਵੇਂ ਟਰਾਂਸਫ਼ਾਰਮਰ ਲਾਏ ਗਏ ਹਨ। ਕਸਬੇ ਅੰਦਰ ਸ਼ਹਿਰੀ ਸਪਲਾਈ ਲਈ ਕਰੀਬ 150 ਛੋਟੇ-ਵੱਡੇ ਟਰਾਂਸਫ਼ਾਰਮਰ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸ਼ਿਕਾਇਤ ਕੇਂਦਰ ਵਿੱਚ ਰਾਤ ਦੀ ਡਿਊਟੀ ਲਈ ਮੁਲਾਜ਼ਮਾਂ ਦੀ ਸਖ਼ਤ ਜ਼ਰੂਰਤ ਹੈ ਜਿਸ ਵੱਲ ਵਿਧਾਇਕ ਦਾ ਧਿਆਨ ਦੇਣਾ ਬਣਦਾ ਹੈ।
ਵਿਰੋਧੀ ਧਿਰਾਂ ਨੇ ਵੀ ਇਸ ਉਦਘਾਟਨ ’ਤੇ ਵਿਅੰਗ ਕੱਸਿਆ ਹੈ। ਕਾਂਗਰਸ ਦੇ ਹਲਕਾ ਇੰਚਾਰਜ ਆਸ਼ੂ ਬੰਗੜ ਨੇ ਕਿਹਾ ਕਿ ਇਸ ਤੋਂ ਸਰਕਾਰ ਦੀ ਮਾਨਸਿਕਤਾ ਜ਼ਾਹਿਰ ਹੁੰਦੀ ਹੈ। ਅਧਿਕਾਰੀਆਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦੀ ਇਹ ਵੱਡੀ ਮਿਸਾਲ ਹੈ। ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਜੈ ਕਾਇਤ ਨੇ ਇਸ ਕਾਰਵਾਈ ਨੂੰ ਸਰਕਾਰ ਦੀ ਪੋਸਟਰ ਬਾਜ਼ੀ ਕਰਾਰ ਦਿੱਤਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਤਾਂ ਕੋਈ ਸਰਪੰਚ ਵੀ ਅਜਿਹੀ ਡਰਾਮੇਬਾਜ਼ੀ ਨਹੀਂ ਸੀ ਕਰਦਾ। ਇਹ 'ਰੰਗ ਰੋਗਨ ਪਾਰਟੀ' ਹੈ ਜਿਸ ਨੇ ਦੂਜੀਆਂ ਸਰਕਾਰਾਂ ਵੇਲੇ ਬਣੇ ਸਕੂਲਾਂ ਦੇ ਵੀ ਉਦਘਾਟਨ ਕਰ ਦਿੱਤੇ।