DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕਾਂ ਨੂੰ ਘੱਗਰ ਦੀ ਮਾਰ ਤੋਂ ਨਾ ਬਚਾਅ ਸਕੀਆਂ ਸਮੇਂ ਦੀਆਂ ਸਰਕਾਰਾਂ

ਕਿਸਾਨਾਂ ਨੂੰ ਹਰ ਵਾਰ ਝੱਲਣਾ ਪੈਂਦੈ ਫ਼ਸਲਾਂ ਦਾ ਨੁਕਸਾਨ
  • fb
  • twitter
  • whatsapp
  • whatsapp
featured-img featured-img
ਫਤਿਆਬਾਦ ਦੇ ਡਿਪਟੀ ਕਮਿਸ਼ਨਰ ਮਨਦੀਪ ਕੌਰ ਘੱਗਰ ਦਾ ਮੁਆਇਨਾ ਕਰਦੇ ਹੋਏ।
Advertisement

ਮਾਲਵਾ ਖੇਤਰ ਦੇ ਜ਼ਿਲ੍ਹਿਆਂ ਸਮੇਤ ਸੰਗਰੂਰ ਅਤੇ ਪਟਿਆਲਾ ਵਿੱਚ ਲੰਬੇ ਸਮੇਂ ਤੋਂ ਘੱਗਰ ਕਿਸਾਨਾਂ ਦੀਆਂ ਫ਼ਸਲਾਂ ਸਮੇਤ ਆਮ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਕਰਦਾ ਆ ਰਿਹਾ ਹੈ ਪਰ ਕਿਸੇ ਵੀ ਸਰਕਾਰ ਨੇ ਇਹ ਨੁਕਸਾਨ ਰੋਕਣ ਲਈ ਪੱਕਾ ਹੱਲ ਨਹੀਂ ਕੀਤਾ। ਘੱਗਰ ਦੀ ਮਾਰ ਨਾਲ ਮਹਿਜ਼ ਜਾਨੀ ਤੇ ਮਾਲੀ ਨੁਕਸਾਨ ਹੀ ਨਹੀਂ ਹੁੰਦਾ ਸਗੋਂ ਇਹ ਜ਼ਮੀਨਾਂ ਨੂੰ ਢਾਹ ਲਾਉਂਦਾ ਹੈ। ਜ਼ਮੀਨਾਂ ਪੱਧਰੀਆਂ ਕਰਨ ਲਈ ਕਿਸਾਨਾਂ ਨੂੰ ਡੀਜ਼ਲ ਫੂਕਣਾ ਪੈਂਦਾ ਹੈ। ਇਸ ਤੋਂ ਇਲਾਵਾ ਘੱਗਰ ਵਿੱਚ ਆਮ ਦਿਨਾਂ ਦੌਰਾਨ ਫੈਕਟਰੀਆਂ ਦੇ ਸੁੱਟੇ ਜਾਂਦੇ ਪ੍ਰਦੂਸ਼ਿਤ ਪਾਣੀ ਕਾਰਨ ਲੋਕਾਂ ਲਈ ਕੈਂਸਰ ਸਮੇਤ ਕਾਲਾ ਪੀਲੀਆ ਅਤੇ ਹੋਰ ਅਨੇਕਾਂ ਬਿਮਾਰੀਆਂ ਨੂੰ ਲਗਾਤਾਰ ਜਨਮ ਦਿੰਦਾ ਆ ਰਿਹਾ ਹੈ, ਪਰ ਹਕੂਮਤਾਂ ਨੇ ਇਸ ਦੇ ਸੁਧਾਰ ਲਈ ਹਮੇਸ਼ਾ ਮੂੰਹ ਬੰਦ ਹੀ ਰੱਖੇ ਹਨ।

ਇਹ ਘੱਗਰ ਦਰਿਆ ਮਾਨਸਾ, ਬਠਿੰਡਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਅਤੇ ਹਰਿਆਣਾ ਦੇ ਸਿਰਸਾ, ਫਤਿਆਬਾਦ ਜ਼ਿਲ੍ਹਿਆਂ ਦਾ ਨੁਕਸਾਨ ਕਰਦਾ ਹੈ। ਇਸ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਕੋਈ ਪੈਸਾ ਜਾਰੀ ਨਹੀਂ ਹੋਇਆ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਸੰਗਰੂਰ ਤੋਂ ਸਾਬਕਾ ਲੋਕ ਸਭਾ ਮੈਂਬਰ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਸ ਖੇਤਰ ਦੇ ਸਿਰਕੱਢ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਪਿਛਲੇ ਲੰਬੇ ਸਮੇਂ ਤੋਂ ਘੱਗਰ ਦਰਿਆ ਰਾਹੀਂ ਹੁੰਦੇ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਦਾ ਠੀਕਰਾ ਇਕ-ਦੂਜੇ ਸਿਰ ਭੰਨ੍ਹਦੇ ਰਹੇ ਹਨ। ਜ਼ਿਕਰਯੋਗ ਹੈ ਕਿ ਘੱਗਰ ਦਰਿਆ ਹਰ ਸਾਉਣੀ ਦੀ ਸੀਜ਼ਨ ਦੌਰਾਨ ਦੱਖਣੀ ਪੰਜਾਬ ਦੇ ਇਸ ਖੇਤਰ ਵਿਚ ਭਾਰੀ ਨੁਕਸਾਨ ਕਰਦਾ ਹੈ। ਇਸਦੇ ਜਦੋਂ ਬੰਨ੍ਹ ਟੁੱਟ ਜਾਂਦੇ ਹਨ ਤਾਂ ਇਹ ਆਪਣੇ ਨਾਲ ਸੈਂਕੜੇ ਏਕੜ ਭੂਮੀ ਵਿਚ ਰੇਗ ਭਰ ਦਿੰਦਾ ਹੈ ਅਤੇ ਹਜ਼ਾਰਾਂ ਏਕੜ ਰਕਬੇ ਵਿਚ ਪੈਲੀ ਮਰ ਜਾਂਦੀ ਹੈ, ਜਦੋਂ ਕਿ ਪਸ਼ੂਆਂ ਸਮੇਤ ਅਨੇਕਾਂ ਮਨੁੱਖੀ ਜਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ।

Advertisement

ਸਿੰਜਾਈ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਅਤੇ ਰੈਡੀਕਲ ਪੀਪਲਜ਼ ਫੋਰਮ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਘੱਗਰ ਮਾਲਵਾ ਦੇ ਤਿੰਨ ਜ਼ਿਲ੍ਹਿਆਂ ਵਿਚ ਜ਼ਿਆਦਾ ਮਾਰ ਕਰਦਾ ਹੈ, ਕਿਉਂਕਿ ਉਨ੍ਹਾਂ ਦਿਨਾਂ ਵਿਚ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੇੜੇ ਵੱਧ ਵਰਖਾ ਹੁੰਦੀ ਹੈ ਅਤੇ ਉਸੇ ਵਰਖਾ ਦਾ ਪਾਣੀ ਹੀ ਅੱਗੇ ਜਾਕੇ ਮਾਨਸਾ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਲਈ ਤਬਾਹੀ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦੀ ਕੁੱਲ ਲੰਬਾਈ 242 ਕਿਲੋਮੀਟਰ ਹੈ, ਜਿਸ ਵਿਚੋਂ ਪੰਜਾਬ ਵਾਲਾ ਜ਼ਿਆਦਾ ਹਿੱਸਾ 165 ਕਿਲੋਮੀਟਰ ਹੀ ਇਸ ਦੀ ਮਾਰ ਹੇਠ ਆਉਂਦਾ ਹੈ ਅਤੇ ਜਿਸ ਨਾਲ ਲੋਕ ਇਸ ਦੇ ਖ਼ੌਫ਼ ਤੇ ਉਜਾੜੇ ਤੋਂ ਕੁਰਲਾ ਉੱਠਦੇ ਹਨ। ਉਨ੍ਹਾਂ ਦੱਸਿਆ ਕਿ ਘੱਗਰ ਮੁਬਾਰਕਪੁਰ ਤੋਂ ਸ਼ੁਰੂ ਹੋ ਕੇ ਬਨੂੜ, ਘਨੌਰ, ਡਕਾਲਾ, ਸਮਾਣਾ, ਸ਼ੁਤਰਾਣਾ, ਲਹਿਰਾਗਾਗਾ (ਸੰਗਰੂਰ), ਬਰੇਟਾ-ਸਰਦੂਲਗੜ੍ਹ (ਮਾਨਸਾ) ਰਾਹੀਂ ਹਰਿਆਣਾ ਦੇ ਸਿਰਸਾ ਖੇਤਰ ਵਿਚ ਹੁੰਦਾ ਹੋਇਆ ਹਨੂਮਾਨਗੜ੍ਹ ਰਾਹੀਂ ਅੱਗੇ ਗੰਗਾਨਗਰ ਵਿਚ ਜਾ ਵੜਦਾ ਹੈ, ਜਿਸ ਦੀ ਮਾਰ ਕਿਸਾਨਾਂ ਨੂੰ ਝੱਲਣੀ ਪੈਂਦੀ ਹੈ।

ਘੱਗਰ ’ਤੇ ਡਟੇ ਪੰਜਾਬ ਤੇ ਹਰਿਆਣਾ ਦੇ ਅਫ਼ਸਰ

ਮਾਨਸਾ: ਘੱਗਰ ਦਾ ਪਾਣੀ ਲੋਕਾਂ ਨੂੰ ਡਰਾਉਣ ਵਾਲੀ ਸਥਿਤੀ ਵਿੱਚ ਪਹੁੰਚ ਗਿਆ ਹੈ। ਹੁਣ ਰਾਜਨੀਤਕ ਨੇਤਾਵਾਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਵੀ ਲੋਕਾਂ ਨੂੰ ਬਚਾਉਣ ਲਈ ਪੱਬਾਂ ਭਾਰ ਹੋ ਗਈਆਂ ਹਨ। ਅੱਜ ਘੱਗਰ ਦਰਿਆ ਦੇ ਇੱਕ ਪਾਸੇ ਪੰਜਾਬ ਦੇ ਅਧਿਕਾਰੀ ਅਤੇ ਦੂਜੇ ਕਿਨਾਰੇ ਉਤੇ ਹਰਿਆਣਾ ਦੇ ਅਫ਼ਸਰ ਸਾਰਾ ਦਿਨ ਕਿਨਾਰਿਆਂ ਨੂੰ ‘ਕਾਇਮ’ ਕਰਨ ’ਚ ਰੁੱਝੇ ਰਹੇ। ਇਹ ਅਧਿਕਾਰੀ ਆਪੋ-ਆਪਣੀਆਂ ਸਰਕਾਰਾਂ ਨੂੰ ਮੋਬਾਈਲ ਫੋਨ ’ਤੇ ਘੱਗਰ ਦੀ ਪਲ-ਪਲ ਦੀ ਜਾਣਕਾਰੀ ਦਿੰਦੇ ਅਤੇ ਲੈਂਦੇ ਰਹੇ। ਉਧਰ ਘੱਗਰ ਦੇ ਪਿੱਛੇ ਤੋਂ ਆਊਟ ਆਫ ਕੰਟਰੋਲ ਹੋਣ ਦੀਆਂ ਆਈਆਂ ਰਿਪੋਰਟਾਂ ਨੇ ਪੰਜਾਬ ਅਤੇ ਹਰਿਆਣਾ ਦੀ ਅਫ਼ਸਰਸ਼ਾਹੀ ਸਮੇਤ ਲੋਕਾਂ ਲਈ ਬੇਚੈਨੀ ਪੈਦਾ ਕਰੀ ਰੱਖੀ। ਵੇਰਵਿਆਂ ਅਨੁਸਾਰ ਜੇਕਰ ਘੱਗਰ ਵਿੱਚ ਪੰਜਾਬ ਵਾਲੇ ਪਾਸੇ ਪਾੜ ਪੈ ਜਾਂਦਾ ਹੈ ਤਾਂ ਮਾਨਸਾ ਜ਼ਿਲ੍ਹੇ ਦੇ 50 ਤੋਂ ਵੱਧ ਪਿੰਡ ਬੁਰੀ ਤਰ੍ਹਾਂ ਨੁਕਸਾਨੇ ਜਾਂਦੇ ਹਨ ਅਤੇ ਜੇਕਰ ਹਰਿਆਣਾ ਵਾਲੇ ਪਾਸੇ ਬੰਨ੍ਹ ਟੁੱਟ ਜਾਂਦਾ ਹੈ ਤਾਂ ਹਰਿਆਣਾ ਦੇ ਫ਼ਤਿਆਬਾਦ,ਸਿਰਸਾ ਜ਼ਿਲ੍ਹੇ ਦੇ ਦਰਜਨਾਂ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਜਾਂਦੇ ਹਨ। ਪੰਜਾਬ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ, ਜ਼ਿਲ੍ਹੇ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੈਕੇ ਸਾਰਾ ਦਿਨ ਚਾਂਦਪੁਰਾ ਸਾਈਫਨ ਉਤੇ ਡੱਟੇ ਰਹੇ, ਜਦੋਂ ਕਿ ਦੂਜੇ ਪਾਸੇ ਹਰਿਆਣਾ ਦੇ ਫ਼ਤਿਆਬਾਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਦੀਪ ਕੌਰ ਆਪਣੇ ਸਰਕਾਰੀ ਅਮਲੇ-ਫੈਲੇ ਨਾਲ ਪਹਿਰੇਦਾਰੀ ਕਰਦੇ ਰਹੇ। ਦੋਨਾਂ ਸੂਬਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਘੱਗਰ ਨੇੜਲੇ ਪਿੰਡਾਂ ਸਮੇਤ ਢਾਣੀਆਂ ਅਤੇ ਖੇਤਾਂ ਵਿੱਚ ਬੈਠੇ ਲੋਕਾਂ ਨੂੰ ਦੂਰ ਜਾਣ ਦੀ ਸਲਾਹ ਦਿੱਤੀ ਹੈ ਤਾਂ ਜੋ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਘੱਗਰ ਦੇ ਬੰਨ੍ਹਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਥਾਪਿਤ ਕੀਤੇ ਰਾਹਤ ਕੇਂਦਰਾਂ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਰਾਹਤ ਕੇਂਦਰਾਂ ਵਿਚ ਰਹਿਣ ਵਾਲੇ ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਦਾ ਵੀ ਖਾਸ ਖਿਆਲ ਰੱਖਿਆ ਜਾ ਸਕੇ। ਜ਼ਿਲ੍ਹੇ ਵਿੱਚ 19 ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ, 2 ਰਾਹਤ ਕੇਂਦਰ ਮਾਨਸਾ ਸਬ-ਡਵੀਜ਼ਨ, 9 ਬੁਢਲਾਡਾ ਸਬ-ਡਵੀਜ਼ਨ ਅਤੇ 8 ਰਾਹਤ ਕੇਂਦਰ ਸਰਦੂਲਗੜ੍ਹ ਸਬ-ਡਵੀਜ਼ਨ ਵਿਖੇ ਬਣਾਏ ਗਏ ਹਨ।

Advertisement
×