ਅੱਜ ਡੱਬਿਆ ਵਿੱਚ ਬੰਦ ਹੋ ਜਾਵੇਗੀ ਉਮੀਦਵਾਰਾਂ ਦੀ ਕਿਸਮਤ
ਚੋਣ ਅਮਲਾ ਰਵਾਨਾ; ਪਿੰਡਾਂ ਵਿਚ ਵਿਆਹ ਵਰਗਾ ਮਾਹੌਲਚ ਮੋਗਾ ’ਚ ਜ਼ਿਲ੍ਹਾ ਪਰਿਸ਼ਦ ਦੀਆਂ 15 ਜ਼ੋਨਾਂ ਲਈ 69 ਉਮੀਦਵਾਰ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਮੈਂਬਰਾਂ ਦੀ ਚੋਣ ਲਈ ਅੱਜ 14 ਦਸੰਬਰ ਨੂੰ ਸਵੇਰੇ 8 ਵਜੇ ਤੋ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਅੱਜ ਸ਼ਾਮ ਨੂੰ ਹੀ ਉਮੀਦਵਾਰਾਂ ਦੀ ਕਿਸਮਤ ਸਰਕਾਰੀ ਡੱਬਿਆਂ ਵਿਚ ਬੰਦ ਹੋ ਜਾਵੇਗੀ। ਚੋਣਾਂ ਕਰਵਾਉਣ ਲਈ ਅਮਲਾ ਰਵਾਨਾ ਹੋ ਗਿਆ ਹੈ।
ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਹੈ। ਇਥੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਦੀਆਂ 15 ਜ਼ੋਨਾਂ ਲਈ 69 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਪੰਚਾਇਤ ਸਮਿਤੀ ਮੋਗਾ, ਨਿਹਾਲ ਸਿੰਘ ਵਾਲਾ ਦੇ 2-2 ਜ਼ੋਨਾਂ ਵਿੱਚ ਊਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੋਗਾ ਜ਼ਿਲ੍ਹੇ ਦੇ ਕੁੱਲ 564537 ਵੋਟਰ ’ਚੋਂ 302795 ਮਰਦ, 261736 ਔਰਤ ਅਤੇ 6 ਟਰਾਸਜੈਂਡਰ ਵੋਟਰ ਸਾਮਿਲ ਹਨ, ਆਪਣੀ ਵੋਟ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜ਼ਿਲ੍ਹੇ ਅੰਦਰ ਸਥਾਪਿਤ ਕੀਤੇ ਗਏ 662 ਪੋਲਿੰਗ ਬੂਥਾਂ ’ਤੇ ਲੋੜੀਂਦੇ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਰ ਪੋਲਿੰਗ ਬੂਥ ਵਿੱਚ ‘ਇੱਕ ਪ੍ਰੀਜ਼ਾਈਡਿੰਗ ਅਫ਼ਸਰ ਤੇ ਪੰਜ-ਪੰਜ ਪੋਲਿੰਗ ਅਫ਼ਸਰਾਂ ਦੀ ਤਾਇਨਾਤੀ ਤੋਂ ਇਲਾਵਾ ਰਾਖਵਾਂ ਅਮਲਾ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੈਕਟਰ ਅਫ਼ਸਰਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ, ਜੋ ਕਿ ਪੋਲਿੰਗ ਬੂਥਾਂ ਦੇ ਕੰਮਾਂ ’ਤੇ ਨਜ਼ਰਸਾਨੀ ਰੱਖਣਗੇ। ਐਸ ਐੱਸ ਪੀ ਅਜੈ ਗਾਂਧੀ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਦੇ ਵੋਟ ਦੇ ਸੰਵਿਧਾਨਿਕ ਹੱਕ ਦਾ ਇਸਤੇਮਾਲ ਕਰਨ । ਚੋਣਾਂ ਦਾ ਕੰਮ ਅਮਨ ਅਮਾਨ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲ੍ਹੇ ਅੰਦਰ ਲਗਪਗ 1600 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
-

