ਪਸ਼ੂ ਮਰਨ ਮਗਰੋਂ ਹਰਕਤ ’ਚ ਆਇਆ ਵਿਭਾਗ
ਪੱਤਰ ਪ੍ਰੇਰਕ ਮਾਨਸਾ, 4 ਅਪਰੈਲ ਪਿੰਡ ਗੁਰਨੇ ਕਲਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਦੁਧਾਰੂ ਤੇ ਪਾਲਤੂ ਪਸ਼ੂ ਮਰਨ ਕਾਰਨ ਕਿਸਾਨ ਜਥੇਬੰਦੀ ਵੱਲੋਂ ਵਿੱਢੇ ਸੰਘਰਸ਼ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਹਰਕਤ ਵਿੱਚ ਆਇਆ ਹੈ। ਮਹਿਕਮੇ ਡਾਇਰੈਕਟਰ ਡਾ. ਜੀ.ਐਸ ਬੇਦੀ, ਸੰਯੁਕਤ ਡਾਇਰੈਕਟਰ...
ਪੱਤਰ ਪ੍ਰੇਰਕ
ਮਾਨਸਾ, 4 ਅਪਰੈਲ
ਪਿੰਡ ਗੁਰਨੇ ਕਲਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਦੁਧਾਰੂ ਤੇ ਪਾਲਤੂ ਪਸ਼ੂ ਮਰਨ ਕਾਰਨ ਕਿਸਾਨ ਜਥੇਬੰਦੀ ਵੱਲੋਂ ਵਿੱਢੇ ਸੰਘਰਸ਼ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਹਰਕਤ ਵਿੱਚ ਆਇਆ ਹੈ। ਮਹਿਕਮੇ ਡਾਇਰੈਕਟਰ ਡਾ. ਜੀ.ਐਸ ਬੇਦੀ, ਸੰਯੁਕਤ ਡਾਇਰੈਕਟਰ (ਯੋਜਨਾ ਤੇ ਵਿਕਾਸ) ਡਾ. ਸ਼ਾਮ ਸਿੰਘ, ਸਹਾਇਕ ਡਾਇਰੈਕਟਰ ਡਾ. ਅਸ਼ੀਸ ਕੁਮਾਰ ਅਤੇ ਮਾਨਸਾ ਦੇ ਡਿਪਟੀ ਡਾਇਰੈਕਟਰ ਡਾ. ਗਣਪਤ ਰਾਏ ਵਿਸ਼ੇਸ ਤੌਰ ’ਤੇ ਪਿੰਡ ਗੁਰਨੇ ਕਲਾਂ ਵਿੱਚ ਪਹੁੰਚੇ। ਉਨ੍ਹਾਂ ਦੀ ਟੀਮ ਨੇ ਪੀੜਤ ਪਸ਼ੂਆਂ ਦੇ ਟੀਕਾਕਰਨ ਕਰਵਾਇਆ ਅਤੇ ਮੌਕੇ ਮੁਫ਼ਤ ਦਵਾਈਆਂ ਦੀ ਹਦਾਇਤ ਕੀਤੀ।
ਜਾਣਕਾਰੀ ਅਨੁਸਾਰ ਪਿੰਡ ਗੁਰਨੇ ਕਲਾਂ ਵਿੱਚ ਦੁਧਾਰੂ ਤੇ ਪਾਲਤੂ ਪਸ਼ੂ ਲਗਾਤਾਰ ਮਰ ਰਹੇ ਹਨ ਪਰ ਪਸ਼ੂ ਪਾਲਣ ਵਿਭਾਗ ਵੱਲੋਂ ਲੋਕਾਂ ਦੀ ਸਾਰ ਨਹੀਂ ਲਈ ਜਾ ਰਹੀ। ਲੋਕਾਂ ਦਾ ਕਹਿਣਾ ਪੀੜਤ ਮਜਬੂਰੀ ਵੱਸ ਆਪਣੇ ਪੱਧਰ ’ਤੇ ਪਸ਼ੂਆਂ ਦਾ ਇਲਾਜ ਕਰਵਾ ਰਹੇ ਹਨ ਤੇ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਪੈ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਬਲਰਾਜ ਸਿੰਘ ਦੀਆਂ ਦੋ ਗਊਆਂ, ਨਾਇਬ ਸਿੰਘ ਦੀਆ ਦੋ ਮੱਝਾਂ, ਹਰੀ ਸਿੰਘ ਦੀ ਮੱਝ, ਗੁਲਾਬ ਗਿਰ ਦੀਆਂ ਤਿੰਨ ਗਊਆਂ ਮਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਤੇਜੀ ਗਿਰ ਦੇ 6 ਪਸ਼ੂ, ਗੁਰਚਰਨ ਗਿਰ ਦੇ ਦੋ ਪਸ਼ੂ, ਨਾਜਰ ਸਿੰਘ ਦੇ 4 ਪਸ਼ੂ ਤੇ ਅਮਰਜੀਤ ਸਿੰਘ ਦੇ 5 ਪਸ਼ੂ ਬਿਮਾਰ ਹਨ।

