ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਮਾਨਸਾ ਦਾ ਇੱਕ ਵਫ਼ਦ ਵਣ ਮੰਡਲ ਅਫਸਰ ਪਵਨ ਸ੍ਰੀ ਧਰ ਨੂੰ ਮਿਲਿਆ। ਆਗੂਆਂ ਵੱਲੋਂ ਵਰਕਰਾਂ ਦੀਆਂ ਰਹਿੰਦੀਆਂ ਤਨਖਾਹਾਂ, ਸੀਨੀਅਰਤਾ ਸੂਚੀ, ਲੋੜੀਂਦੇ ਸੰਦ, ਵਰਦੀਆਂ ਆਦਿ ਮੰਗਾਂ ਨੂੰ ਅਧਿਕਾਰੀ ਕੋਲ ਰੱਖਿਆ। ਇਸ ਮੌਕੇ ਵਣ ਰੇਜ ਅਫ਼ਸਰ ਹਰਦਿਆਲ ਸਿੰਘ ਅਤੇ ਸੁਖਦੇਵ ਸਿੰਘ ਵੀ ਮੌਜੂਦ ਸਨ।
ਟਰੇਡ ਯੂਨੀਅਨ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਦੇ ਨਾਮ ’ਤੇ ਸੱਤਾ ’ਚ ਆਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਚੁੱਕੀ ਹੈ ਤੇ ਆਮ ਲੋਕ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੰਗਲਾਤ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਦੀ ਗਰੰਟੀ ਦਿੱਤੀ ਸੀ, ਜੋ ਸੱਤਾ ਵਿੱਚ ਆਉਣ ਦੇ ਚਾਰ ਸਾਲ ਬੀਤ ਦੇ ਬਾਵਜੂਦ ਵੀ ਪੂਰੀ ਨਹੀ ਹੋਈ। ਉਨ੍ਹਾਂ ਕਿਹਾ ਕਿ ਮੰਗ ਕੀਤੀ ਕਿ ਰੈਗੂਲਰ ਕਰਨ ਸਬੰਧੀ ਲਗਾਈਆਂ ਬੇਤੁਕੀਆਂ ਸ਼ਰਤਾਂ ਨੂੰ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਜਦੂਰ ਵਰਗ ਪ੍ਰਤੀ ਬੇਰੁਖੀ ਦਾ ਖਮਿਆਜ਼ਾ ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।

