ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 13 ਮਈ
ਸ਼ਹਿਣਾ-ਬੁਰਜ ਫ਼ਤਹਿਗੜ੍ਹ ਲਿੰਕ ਸੜਕ ਦੀ ਹਾਲਤ ਕਾਫੀ ਖਸਤਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਪਗ ਤਿੰਨ ਕਿਲੋਮੀਟਰ ਲੰਬੀ ਇਸ ਸੜਕ ’ਤੇ ਥਾਂ-ਥਾਂ ਟੋਏ ਪੈ ਗਏ ਹਨ। ਕਸਬੇ ਸ਼ਹਿਣਾ ਦੇ ਮਨਦੀਪ ਸਿੰਘ, ਰੂਪ ਸਿੰਘ, ਭੋਲਾ ਸਿੰਘ, ਮੇਜਰ ਸਿੰਘ, ਗੁਰਪ੍ਰੇਮ ਸਿੰਘ ਨੇ ਦੱਸਿਆ ਕਿ ਇਸ ਲਿੰਕ ਸੜਕ ’ਤੇ ਲੰਬੇ ਸਮੇਂ ਤੋਂ ਭਾਰੇ ਵਾਹਨ ਚੱਲ ਰਹੇ ਹਨ ਜਿਸ ਕਰਨ ਸੜਕ ਥਾਂ-ਥਾਂ ਤੋਂ ਟੁੱਟ ਗਈ ਹੈ। ਸੜਕ ਦੇ ਨਾਲ ਕੱਚੀ ਥਾਂ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਜਿਸ ਕਾਰਨ ਅਕਸਰ ਰਾਹਗੀਰ ਅਕਸਰ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ।
ਪਿਛਲੇ 7-8 ਸਾਲ ਤੋਂ ਇਹ ਰੌਲਾ ਵੀ ਪੈ ਰਿਹਾ ਹੈ ਕਿ ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ’ਚ ਪੈ ਗਈ ਹੈ ਪ੍ਰੰਤੂ ਇਹ ਸਿਰਫ਼ ਅਫਵਾਹਾਂ ਸਿੱਧ ਹੋਈਆਂ ਹਨ। ਕਸਬੇ ਸ਼ਹਿਣਾ ਅਤੇ ਪਿੰਡ ਮੌੜ ਨਾਭਾ ਤੋਂ ਆਉਣ ਜਾਣ ਵਾਲੇ ਲੋਕ ਇਸ ਸੜਕ ਦੀ ਦੁਰਦਸ਼ਾ ਵਾਲੀ ਹਾਲਤ ਤੋਂ ਬੇਹੱਦ ਪ੍ਰੇਸ਼ਾਨ ਹਨ ਅਤੇ ਇਸ ਰਸਤੇ ਰਾਹੀ ਆਉਣ ਤੋਂ ਘਬਰਾਉਦੇ ਹਨ। ਤਿੰਨ ਪਿੰਡਾਂ ਸ਼ਹਿਣਾ, ਮੌੜ ਨਾਭਾ, ਬੁਰਜ ਫਤਿਹਗੜ੍ਹ ਦੇ ਲੋਕਾਂ ਨੇ ਮੰਗ ਕੀਤੀ ਕਿ ਸ਼ਹਿਣਾ-ਬੁਰਜ ਫਤਿਹਗੜ੍ਹ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ।