ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਚੈਂਬਰਾਂ ਦੀ ਹਾਲਤ ਖਸਤਾ
ਜਗਤਾਰ ਸਮਾਲਸਰ
ਏਲਨਾਬਾਦ, 2 ਜੁਲਾਈ
ਸਰਕਾਰ ਵੱਲੋਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਮ ’ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਸਬੰਧਤ ਵਿਭਾਗ ਦੀ ਅਣਦੇਖੀ ਅਤੇ ਲਾਪਰਵਾਹੀ ਕਾਰਨ ਖਰਚ ਕੀਤਾ ਗਿਆ ਇਹ ਪੈਸਾ ਬਹੁਤੀ ਵਾਰ ਬੇਕਾਰ ਚਲਾ ਜਾਂਦਾ ਹੈ। ਅਜਿਹੀ ਹੀ ਇੱਕ ਉਦਾਹਰਣ ਏਲਨਾਬਾਦ ਦੇ ਦੇਵੀ ਲਾਲ ਚੌਕ ਤੋਂ ਥਾਣਾ ਰੋਡ ’ਤੇ ਦੇਖੀ ਜਾ ਸਕਦੀ ਹੈ, ਜਿੱਥੇ ਕੁਝ ਸਮਾਂ ਪਹਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਚੈਂਬਰ ਬਣਾਏ ਗਏ ਸਨ ਪਰ ਹੁਣ ਇਨ੍ਹਾਂ ਚੈਂਬਰਾਂ ਦੀ ਹਾਲਤ ਅਜਿਹੀ ਹੈ ਕਿ ਇਹ ਮਿੱਟੀ ਅਤੇ ਕੂੜੇ ਨਾਲ ਭਰੇ ਹੋਏ ਹਨ ਅਤੇ ਇਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਲੀ ਜਾਂ ਢੱਕਣ ਨਹੀਂ ਹੈ। ਹੁਣ ਇਹ ਚੈਂਬਰ ਇਸ ਸੜਕ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੂਰੀ ਤਰ੍ਹਾਂ ਅਸਮਰੱਥ ਹਨ ਕਿਉਂਕਿ ਮਿੱਟੀ ਨਾਲ ਭਰੇ ਹੋਣ ਕਾਰਨ ਇਨ੍ਹਾਂ ਵਿੱਚੋਂ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਪਰ ਸਬੰਧਤ ਵਿਭਾਗ ਅਤੇ ਨਗਰ ਪਾਲਿਕਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਹਨ। ਇਹ ਚੈਂਬਰ ਹੁਣ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਪ੍ਰੇਸ਼ਾਨੀ ਦਾ ਕਾਰਨ ਬਣਦੇ ਦਿਖਾਈ ਦੇ ਰਹੇ ਹਨ। ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਜਦੋਂ ਇੱਥੇ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ ਤਾਂ ਇਹ ਚੈਂਬਰ ਬਿਲਕੁਲ ਵੀ ਦਿਖਾਈ ਨਹੀਂ ਦਿੰਦੇ ਅਤੇ ਮੋਟਰ ਸਾਈਕਲਾਂ, ਕਾਰਾਂ ਅਤੇ ਕਿਸੇ ਹੋਰ ਵਾਹਨ ਦੇ ਟਾਇਰ ਇਨ੍ਹਾਂ ਵਿੱਚ ਫਸ ਸਕਦੇ ਹਨ ਅਤੇ ਹਾਦਸੇ ਨੂੰ ਸੱਦਾ ਦੇ ਸਕਦੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਚੈਂਬਰ ਬਰਸਾਤ ਦੇ ਮੌਸਮ ਵਿੱਚ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਲਈ ਇਨ੍ਹਾਂ ਚੈਂਬਰਾਂ ਨੂੰ ਜਲਦੀ ਤੋਂ ਜਲਦੀ ਦਰੁਸਤ ਕੀਤਾ ਜਾਵੇ ਜਾਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਹੀ ਕਰ ਦਿੱਤਾ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।