ਕੇਂਦਰ ਤੇ ਪੰਜਾਬ ਸਰਕਾਰਾਂ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਨਹੀਂ ਉਤਰੀਆਂ: ਭੁਪੇਸ਼
ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਸੰਗਠਨ ਸਿਰਜਣ ਮੁਹਿੰਮ ਤਹਿਤ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਪਿੰਡ ਜਲਾਲ ਵਿਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪਾਰਟੀ ਦੇ ਆਬਜ਼ਰਵਰ ਤੇ ਰਾਜਸਥਾਨ ਦੇ ਸਾਬਕਾ ਮੰਤਰੀ ਮਮਤਾ ਭੁਪੇਸ਼, ਹਰਦਿਆਲ ਸਿੰਘ ਕੰਬੋਜ, ਗੁਰਪ੍ਰੀਤ ਸਿੰਘ ਵਿੱਕੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਤੇ ਸੀਨੀਅਰ ਆਗੂ ਨਰਿੰਦਰ ਸਿੰਘ ਭਲੇਰੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਮਤਾ ਭੁਪੇਸ਼ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਤਹਿਤ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਦੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਸਲਾਹ ਲੈਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਦੀ ਰਾਇ ਜਾਣ ਕੇ ਜਥੇਬੰਦਕ ਢਾਂਚਾ ਬਣਾਉਣ ਦੀ ਜੋ ਪ੍ਰਕਿਰਿਆ ਸ਼ੁਰੂ ਕੀਤੀ ਹੈ, ਉਹ ਰਾਜਨੀਤੀ ’ਚ ਇਕ ਵੱਖਰੀ ਮਿਸਾਲ ਹੈ। ਉਹ ਪਾਰਟੀ ਹਾਈਕਮਾਂਡ ਕੋਲ ਵਰਕਰਾਂ ਵੱਲੋਂ ਦਿੱਤੀ ਗਈ ਰਾਇ ਵਧੀਆ ਢੰਗ ਨਾਲ ਰੱਖਣਗੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਲੋਕਾਂ ਦੀਆਂ ਭਾਵਨਾਵਾਂ ’ਤੇ ਖਰਾ ਉਤਰਨ ਵਿਚ ਨਾਕਾਮ ਰਹੀਆਂ ਹਨ ਅਤੇ ਪੰਜਾਬ ਦੇ ਲੋਕ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਮੀਟਿੰਗ ਵਿੱਚ ਹਾਜ਼ਰ ਕਾਂਗਰਸੀ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸਿੰਘ ਭਲੇਰੀਆ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ। ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮਮਤਾ ਭੁਪੇਸ਼ ਦਾ ਸਨਮਾਨ ਕਰਦਿਆਂ ਮੀਟਿੰਗ 'ਚ ਪਹੁੰਚੇ ਹਲਕਾ ਰਾਮਪੁਰਾ ਫੂਲ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।