ਮਹਿਲਾ ਅਧਿਆਪਕ ਵੱਲੋਂ ਸਕੂਲ ਮੁਖੀ ਦੀ ਕੁੱਟਮਾਰ ਦਾ ਮਾਮਲਾ ਭਖਿਆ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 18 ਫਰਵਰੀ
ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਦੇ ਮੁੱਖ ਅਧਿਆਪਕ ਨੂੰ ਸਕੂਲ ਦੀ ਹੀ ਇਕ ਮਹਿਲਾ ਅਧਿਆਪਕ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਕਥਿਤ ਤੌਰ ’ਤੇ ਕੁੱਟਣ ਦਾ ਮਾਮਲਾ ਗਰਮਾ ਗਿਆ ਹੈ। ਇਸ ਦੀ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਮੁੱਖ ਅਧਿਆਪਕ ਨੂੰ ਭਜਾ-ਭਜਾ ਕੇ ਕੁੱਟਿਆ ਜਾ ਰਿਹਾ ਹੈ। ਜ਼ਖ਼ਮੀ ਮੁੱਖ ਅਧਿਆਪਕ ਇਸ ਵੇਲੇ ਹਸਪਤਾਲ ਵਿੱਚ ਦਾਖਲ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਨੇ ਮੁੱਖ ਅਧਿਆਪਕ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਮਹਿਲਾ ਅਧਿਆਪਕ ਦੇ ਵਤੀਰੇ ਦੀ ਨਿਖੇਧੀ ਕੀਤੀ ਹੈ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਅਧਿਆਪਕ ਸਮਾਜ ਵਿੱਚ ਬਹੁਤ ਸਤਿਕਾਰ ਦੇ ਪਾਤਰ ਹਨ। ਉਨ੍ਹਾਂ ਵੱਲੋਂ ਆਪਸ ਵਿੱਚ ਇਸ ਤਰ੍ਹਾਂ ਦਾ ਵਿਹਾਰ ਸ਼ੋਭਾ ਨਹੀਂ ਦਿੰਦਾ| ਉਨ੍ਹਾਂ ਕਿਹਾ ਕਿ ਮੁੱਖ ਅਧਿਆਪਕ ਅਕਸਰ ਅਧਿਆਪਕਾਂ ਨੂੰ ਸਕੂਲ ’ਚ ਅਨੁਸ਼ਾਸਨ ਬਣਾਉਣ ਅਤੇ ਮੋਬਾਈਲ ਨਾ ਵਰਤਣ ਲਈ ਕਹਿੰਦਾ ਸੀ ਜਿਸ ਤੋਂ ਕੁੱਝ ਅਧਿਆਪਕਾਵਾਂ ਖਫ਼ਾ ਸਨ। ਉਨ੍ਹਾਂ ਸਿੱਖਿਆ ਅਧਿਕਾਰੀਆਂ ਦੇ ਵਤੀਰੇ ਦੀ ਵੀ ਨਿਖੇਧੀ ਕੀਤੀ ਜਿਨ੍ਹਾਂ ਘਟਨਾ ਵਾਪਰਨ ਦੇ ਦੋ ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ|
ਸਿਵਲ ਹਸਪਤਾਲ ’ਚ ਦਾਖਲ ਮੁੱਖ ਅਧਿਆਪਕ ਚਮਨ ਲਾਲ ਨੇ ਦੱਸਿਆ ਕਿ ਸਕੂਲ ਵਿੱਚ ਛੁੱਟੀ ਤੋਂ ਬਾਅਦ ਅਚਾਨਕ ਇਕ ਅਧਿਆਪਕਾ ਆਪਣੇ ਪੁੱਤਰ, ਭਰਾ ਤੇ ਕੁੱਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਨੂੰ ਕੁੱਟਣ ਲੱਗ ਪਈ| ਉਸ ਨੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਬੰਧਤ ਅਧਿਆਪਕਾ ਦੇ ਇੱਕ ਜਾਣਕਾਰ ਨੇ ਸਕੂਲ ਮੁਖੀ ’ਤੇ ਅਧਿਆਪਕਾਵਾਂ ਨਾਲ ਗਲਤ ਵਿਹਾਰ ਕਰਨ ਦਾ ਦੋਸ਼ ਲਾਇਆ ਹੈ।
ਅਧਿਆਪਕਾ ਖ਼ਿਲਾਫ਼ ਬਣਦੀ ਕਾਰਵਾਈ ਕਰਾਂਗੇ: ਡੀਟੀਓ
ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦੌਲਤ ਰਾਮ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ’ਤੇ ਹੀ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ| ਉਨ੍ਹਾਂ ਕਿਹਾ ਕਿ ਉਹ ਜ਼ਿੰਮੇਵਾਰ ਅਧਿਆਪਕਾ ਤੇ ਹੋਰ ਵਿਅਕਤੀਆਂ ਖ਼ਿਲਾਫ਼ ਜਲਦੀ ਹੀ ਕਾਰਵਾਈ ਕਰਨਗੇ।