ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਰਕ ’ਤੇ ਨਜਾਇਜ਼ ਕਬਜ਼ਾ ਹਟਾਉਣ ਦਾ ਮਾਮਲਾ ਲਟਕਿਆ

ਕਬਜ਼ਾ ਹਟਾਉਣ ਵਾਲੇ ਦਿਨ ਪੁਲੀਸ ਫੋਰਸ ਨਾ ਮਿਲਣ ਕਾਰਨ ਨਾ ਹੋਈ ਕਾਰਵਾਈ
Advertisement

ਸੁਦੇਸ਼ ਕੁਮਾਰ ਹੈਪੀ

ਤਲਵੰਡੀ ਭਾਈ, 7 ਜੁਲਾਈ

Advertisement

ਕਸਬਾ ਮੁੱਦਕੀ ਦੇ ਪਬਲਿਕ ਪਾਰਕ ਵਿੱਚ ਕੀਤਾ ਗਿਆ ਨਾਜਾਇਜ਼ ਕਬਜ਼ਾ ਹਟਾਉਣ ਲਈ ਜਿੱਥੇ ਨਗਰ ਪੰਚਾਇਤ ਮੁੱਦਕੀ ਦਾ ਅਮਲਾ ਕਾਹਲਾ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਢਿੱਲਾ ਚੱਲ ਰਿਹਾ ਹੈ। ਮਾਮਲੇ ਸਬੰਧੀ ਨਗਰ ਪੰਚਾਇਤ ਦੀ ਸ਼ਿਕਾਇਤ 'ਤੇ ਥਾਣਾ ਘੱਲ ਖ਼ੁਰਦ ਦੀ ਪੁਲੀਸ ਵੱਲੋਂ ਲੰਘੀ 8 ਅਪਰੈਲ ਨੂੰ 5 ਵਿਅਕਤੀਆਂ 'ਤੇ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ। ਨਗਰ ਪੰਚਾਇਤ ਮੁੱਦਕੀ ਦੇ ਕਾਰਜ ਸਾਧਕ ਅਫ਼ਸਰ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਚਾਲੂ ਵਰ੍ਹੇ ਦੀ 20 ਫਰਵਰੀ ਤੋਂ ਅੱਜ ਤੱਕ ਉਕਤ ਨਜਾਇਜ਼ ਕਬਜ਼ਾ ਹਟਵਾਉਣ ਖ਼ਾਤਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੱਤਰ ਵਿਹਾਰ ਕਰ ਰਿਹਾ ਹੈ ਅਤੇ ਜ਼ਮੀਨੀ ਪੱਧਰ 'ਤੇ ਕਾਰਵਾਈ ਦੀਆਂ ਕਈ ਨਿਸ਼ਚਿਤ ਤਾਰੀਖ਼ਾਂ ਵੀ ਲੰਘ ਚੁੱਕੀਆਂ ਹਨ। ਬੀਤੀ 4 ਜੁਲਾਈ ਦਾ ਦਿਨ ਵੀ ਕਾਰਵਾਈ ਲਈ ਮੁਕੱਰਰ ਸੀ, ਪਰ ਪੁਲੀਸ ਫੋਰਸ ਨਾ ਮਿਲਣ ਕਾਰਨ ਕਾਰਵਾਈ ਟਲ਼ ਗਈ। ਇਸ ਤੋਂ ਪਹਿਲਾਂ 12 ਜੂਨ ਦਾ ਦਿਨ ਮਿਥਿਆ ਗਿਆ ਸੀ, ਪਰ ਉਸ ਦਿਨ ਵੀ ਸੁਰੱਖਿਆ ਨਾ ਮਿਲਣ ਕਾਰਨ ਕੀਤੀ ਸਾਰੀ ਤਿਆਰੀ ਵਿੱਚੇ ਰਹਿ ਗਈ। ਈਓ ਅਸ਼ੀਸ਼ ਕੁਮਾਰ ਦਾ ਕਹਿਣਾ ਹੈ ਕਿ ਹੁਣ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਰਕੇ ਕਾਰਵਾਈ ਦੀ ਨਵੀਂ ਤਾਰੀਖ਼ ਤੈਅ ਕੀਤੀ ਜਾਵੇਗੀ।

ਦੱਸ ਦੇਈਏ ਕਿ ਇੱਕ ਧਾਰਮਿਕ ਸਥਾਨ ਦੀ ਉਸਾਰੀ ਦੀ ਆੜ ਵਿੱਚ ਕੁਝ ਲੋਕ ਮੁੱਦਕੀ ਦੇ ਇਕਲੌਤੇ ਪਾਰਕ 'ਤੇ ਨਜਾਇਜ਼ ਕਬਜ਼ੇ ਦੀ ਤਾਕ ਵਿੱਚ ਹਨ, ਜਿਸ ਦਾ ਸ਼ਹਿਰ ਦੀਆਂ ਸਮੂਹ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਹੋਰ ਸੰਸਥਾਵਾਂ ਪੁਰਜ਼ੋਰ ਵਿਰੋਧ ਕਰ ਚੁੱਕੀਆਂ ਹਨ।

Advertisement