ਕਿਸ਼ਨਪੁਰਾ-ਇੰਦਗੜ੍ਹ ਡਰੇਨ ਵਿੱਚ ਪਏ ਪਾੜ ਨੂੰ ਚੌਵੀ ਘੰਟੇ ਬੀਤ ਜਾਣ ਤੋਂ ਬਾਅਦ ਵੀ ਵਿਭਾਗ ਮਰੁੰਮਤ ਕਰਨ ਤੋਂ ਅਸੱਮਰਥ ਜਾਪ ਰਿਹਾ ਹੈ। ਗ਼ੌਰਤਲਬ ਹੈ ਕਿ ਬੀਤੇ ਦਿਨ ਡਰੇਨ ਵਿਚ ਪਿਆ ਪਾੜ ਵਧਕੇ 50 ਫੁੱਟ ਦੇ ਕਰੀਬ ਹੋ ਗਿਆ ਹੈ। ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਪਾੜ ਨੂੰ ਪੂਰਨ ਲਈ ਜੱਦੋ-ਜਹਿਦ ਤਾਂ ਕਰ ਰਹੇ ਹਨ, ਪਰ ਰੇਤਲੀ ਜ਼ਮੀਨ ਹੋਣ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਪਾੜ ਕਾਰਨ ਲਗਪਗ 40 ਏਕੜ ਰਕਬੇ ਵਿੱਚ ਖੜ੍ਹੀ ਮੱਕੀ ਅਤੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ। ਜਾਣਕਾਰੀ ਅਨੁਸਾਰ ਡਰੇਨ ਤੋਂ ਜ਼ਮੀਨ ਦੇ ਖੇਤ 15 ਫੁੱਟ ਨੀਵੇਂ ਹਨ। ਇਨ੍ਹਾਂ ਖੇਤਾਂ ਵਿੱਚ ਸਾਲ 2008 ਵਿੱਚ ਰੇਤ ਦੀ ਮਾਇਨਿੰਗ ਕੀਤੀ ਜਾਂਦੀ ਰਹੀ ਹੈ। ਇਸ ਤੋਂ ਪਹਿਲਾਂ ਵੀ ਡਰੇਨ ਦੋ ਵਾਰ ਟੁੱਟ ਚੁੱਕੀ ਹੈ।
ਪਿੰਡ ਇੰਦਰਗੜ੍ਹ ਦੀ ਪੰਚਾਇਤ ਨੇ ਅਗਸਤ 2024 ਨੂੰ ਡਰੇਨ ਦੀ ਸਫਾਈ ਲਈ ਵਿਭਾਗ ਦੇ ਮੋਗਾ ਸਥਿਤ ਅਧਿਕਾਰੀਆਂ ਨੂੰ ਪੱਤਰ ਸੌਂਪਿਆ ਸੀ, ਪਰ ਵਿਭਾਗ ਦੀ ਅਣਦੇਖੀ ਦੇ ਚਲਦਿਆਂ ਅੱਧੀ ਦਰਜਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਵਿਭਾਗ ਦੇ ਉਪ ਮੰਡਲ ਅਧਿਕਾਰੀ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਤੋਂ ਹੀ ਡਰੇਨਜ ਦੇ ਟੁੱਟੇ ਹਿੱਸੇ ਨੂੰ ਠੀਕ ਕਰਨ ਲਈ ਕੰਮ ਕਰ ਰਹੇ ਹਨ, ਸਵੇਰੇ ਪਏ ਤੇਜ਼ ਮੀਂਹ ਕਾਰਨ ਡਰੇਨ ਵਿਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਅਤੇ ਦਿੱਕਤਾਂ ਪੇਸ਼ ਆ ਰਹੀਆਂ ਹਨ। ਕਿਸਾਨ ਮੇਜਰ ਸਿੰਘ, ਰਾਮ ਪ੍ਰਤਾਪ ਸ਼ਰਮਾਂ, ਬਲਰਾਜ ਸਿੰਘ, ਬਿੱਕਰ ਸਿੰਘ ਅਤੇ ਸੁਮਨਦੀਪ ਸਿੰਘ ਨੇ ਵਿਭਾਗ ਦੀ ਅਣਦੇਖੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।