ਪਿਛਲੇ ਤਿੰਨ ਦਿਨਾਂ ਤੋਂ ਇਲਾਕੇ ਵਿੱਚ ਰੁਕ ਰੁਕ ਕੇ ਪਿਆ ਭਾਰੀ ਮੀਂਹ ਲੋਕਾਂ ਲਈ ਆਫ਼ਤ ਬਣਿਆ ਹੋਇਆ ਹੈ। ਪਿੰਡ ਭੁੱਚੋ ਕਲਾਂ ਦੇ ਕੁੱਝ ਓਵਰਫਲੋਅ ਹੋਏ ਛੱਪੜਾਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਅਤੇ ਗਲੀਆਂ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਭਰ ਗਿਆ। ਲੋਕ ਆਪਣੇ ਘਰਾਂ ਅੱਗੇ ਮਿੱਟੀ ਦੇ ਗੱਟੇ ਲਗਾ ਕੇ ਪਾਣੀ ਨੂੰ ਅੰਦਰ ਜਾਣ ਤੋਂ ਰੋਕਣ ਦੇ ਯਤਨ ਕਰ ਰਹੇ ਸਨ। ਭੁੱਚੋ-ਨਥਾਣਾ ਮੁੱਖ ਸੜਕ ’ਤੇ ਧੀਲਾ ਪੱਤੀ ਦੇ ਛੱਪੜ ਦੀਆਂ ਦੀਵਾਰਾਂ ਡਿੱਗਣ ਕਾਰਨ ਰਾਹਗੀਰਾਂ ਨਾਲ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਦੋ ਗਰੀਬ ਪਰਿਵਾਰਾਂ ਵਿਧਵਾ ਕਵਿਤਾ ਪਤਨੀ ਸੋਨੂ ਅਤੇ ਰੁਲਦੂ ਸਿੰਘ ਪੁੱਤਰ ਜੋਰਾ ਸਿੰਘ ਦੇ ਕਮਰਿਆਂ ਦੀਆਂ ਛੱਤਾਂ ਡਿੱਗ ਪਈਆਂ ਹਨ। ਕਵਿਤਾ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ ਅਤੇ ਰੁਲਦੂ ਸਿੰਘ ਕਿਸੇ ਬਿਮਾਰੀ ਕਾਰਨ ਪਿਛਲੇ ਡੇਢ ਸਾਲ ਤੋਂ ਮੰਜੇ ’ਤੇ ਪਿਆ ਹੈ। ਇਸੇ ਤਰ੍ਹਾਂ ਇੱਕ ਲੱਤ ਤੋਂ ਅਪਾਹਜ ਕਾਲਾ ਸਿੰਘ ਪੁੱਤਰ ਮੇਜਰ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਕੌਰ ਸਿੰਘ ਦੇ ਘਰਾਂ ਦੀਆਂ ਛੱਤਾਂ ਵੀ ਮੀਂਹ ਕਾਰਨ ਡਿੱਗਣ ਕਿਨਾਰੇ ਹਨ। ਨੈਸ਼ਨਲ ਦਲਿਤ ਮਹਾਂ ਪੰਚਾਇਤ ਦੇ ਵਾਈਸ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਕਬੱਡੀ ਖਿਡਾਰੀ ਦਾ ਮਕਾਨ ਡਿੱਗਿਆ
ਨਥਾਣਾ (ਭਗਵਾਨ ਦਾਸ ਗਰਗ): ਇਥੇ ਮੀਂਹ ਨੇ ਨਗਰ ਪੰਚਾਇਤ ਦੇ ਪਾਣੀ ਦੀ ਨਿਕਾਸੀ ਵਾਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਨਥਾਣਾ ਨਗਰ ਦਾ ਸ਼ਾਇਦ ਹੀ ਕੋਈ ਮੁੱਖ ਰਸਤਾ ਜਾਂ ਸੜਕ ਹੋਵੇਗੀ ਜੋ ਬਾਰਸ਼ ਦੇ ਪਾਣੀ ਵਿਚ ਨਾ ਡੁੱਬੀ ਹੋਵੇ। ਤੇਜ਼ ਮੀਂਹ ਪੈਣ ਕਾਰਨ ਲੋਕਾਂ ਦੇ ਘਰਾਂ ਅੰਦਰ ਵੀ ਪਾਣੀ ਵੜ ਗਿਆ। ਦਰਜਨਾਂ ਘਰਾਂ ਦੀਆਂ ਕੰਧਾਂ ਨੂੰ ਤਰੇੜਾਂ ਆਉਣ ਤੋਂ ਇਲਾਵਾ ਇੱਕ ਦਰਜਨ ਤੋ ਵੱਧ ਘਰਾਂ ਦੀਆਂ ਕੰਧਾਂ ਢਹਿ ਢੇਰੀ ਹੋ ਗਈਆਂ ਹਨ। ਗਊਸ਼ਾਲਾ, ਸ਼ਮਸ਼ਾਨਘਾਟ ਅਤੇ ਵਾਟਰ ਵਰਕਸ ਦਾ ਪੂਰਾ ਖੇਤਰ ਮੀਹ ਦੇ ਪਾਣੀ ਵਿਚ ਡੁੱਬਿਆ ਹੋਇਆ ਹੈ। ਕੁਝ ਵਿਅਕਤੀਆਂ ਵੱਲੋ ਵਾਰ ਵਾਰ ਪੋਸਟਾਂ ਪਾ ਕੇ ਦਾਅਵੇ ਕੀਤੇ ਜਾਂਦੇ ਰਹੇ ਕਿ ਨਗਰ ਪੰਚਾਇਤ ਨੇ ਨਿਕਾਸੀ ਦੀ ਸਮੱਸਿਆ ਹੱਲ ਕਰ ਦਿੱਤੀ ਹੈ ਜਦੋਂ ਕਿ ਆਰਜ਼ੀ ਤੌਰ ’ਤੇ ਕੀਤੇ ਪ੍ਰਬੰਧਾਂ ਨਾਲ ਵੀ ਲੋਕਾਂ ਨੂੰ ਕੋਈ ਠੋਸ ਰਾਹਤ ਨਹੀ ਮਿਲ ਸਕੀ। ਕਬੱਡੀ ਖਿਡਾਰੀ ਗੁਰਲਾਲ ਸਿੰਘ ਦਾ ਪਿੰਡ ਗੰਗਾ ਵਿਚਲੇ ਘਰ ਦਾ ਕੁਝ ਹਿੱਸਾ ਮੀਹ ਦੇ ਪਾਣੀ ਨਾਲ ਢਹਿ ਢੇਰੀ ਹੋ ਗਿਆ।
ਸੂਬਾ ਵਾਸੀਆਂ ਨਾਲ ਖੜ੍ਹੀ ਹੈ ਸਰਕਾਰ: ਵਿਧਾਇਕ ਉੱਗੋਕੇ
ਤਪਾ (ਰੋਹਿਤ ਗੋਇਲ): ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਤਪਾ ਮੰਡੀ ਦੀ ਵਸਨੀਕ ਇੱਕ ਔਰਤ ਅਤੇ ਇੱਕ ਨਾਬਾਲਗ ਲੜਕੇ ਦੀ ਮੌਤ ਹੋ ਗਈ ਸੀ। ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਜਾਰੀ ਕਰਵਾਇਆ ਗਿਆ ਅਤੇ ਅੱਜ ਦੋਵਾਂ ਪਰਿਵਾਰਾਂ ਲਈ ਜਾਰੀ ਮੁਆਵਜ਼ਾ ਰਾਸ਼ੀ ਦੇ ਚੈੱਕ ਮ੍ਰਿਤਕਾਂ ਦੇ ਵਾਰਸਾਂ ਨੂੰ ਘਰ ਜਾ ਕੇ ਸੌਂਪੇ ਗਏ। ਇਸ ਮੌਕੇ ਵਿਧਾਇਕ ਉੱਗੋਕੇ ਨੇ ਦੱਸਿਆ ਕਿ ਪਹਿਲੀ ਘਟਨਾ ਵਿੱਚ ਮਜ਼ਦੂਰ ਔਰਤ ਸੋਨੀਆ ਪਤਨੀ ਸੋਨੂੰ ਵਾਸੀ ਪਿਆਰਾ ਲਾਲ ਬਸਤੀ ਵਾਰਡ ਨੰਬਰ 2 ਤਪਾ ਮੰਡੀ ਦੀ ਘਰ ਦੀ ਛੱਤ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ ਜਿਸ ਨੂੰ 4 ਲੱਖ ਰੁਪਏ ਮੁਆਵਜ਼ਾ ਰਾਸ਼ੀ ਅਤੇ 1 ਲੱਖ ਅੱਸੀ ਹਜ਼ਾਰ ਰੁਪਏ ਮਕਾਨ ਦੀ ਉਸਾਰੀ ਲਈ ਦਿੱਤੇ ਗਏ। ਇਸੇ ਤਰ੍ਹਾਂ ਮੀਂਹ ਕਾਰਨ ਲੋਹੇ ਦੇ ਗੇਟ ਵਿੱਚ ਆਏ ਕਰੰਟ ਕਾਰਨ ਨਾਬਾਲਗ ਲੜਕੇ ਦੇਵਜੀਤ ਦੀ ਮੌਤ ਦਾ 4 ਲੱਖ ਰੁਪਏ ਮੁਆਵਜ਼ਾ ਉਸਦੇ ਵਾਰਸਾਂ ਨੂੰ ਦਿੱਤਾ ਗਿਆ। ਦੋਵੇਂ ਪਰਿਵਾਰਾਂ ਨੂੰ ਮੁੱਖ ਮੰਤਰੀ ਵੱਲੋਂ ਕੁਦਰਤੀ ਆਫ਼ਤਾਂ ਪ੍ਰਬੰਧਨ ਤਹਿਤ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ।