ਕੋਠਾ ਗੁਰੂ ’ਚ ਹੱਡਾ ਰੋੜੀ ਨੇ ਲੋਕਾਂ ਦੇ ਨੱਕ ’ਚ ਦਮ ਕੀਤਾ
ਪਿੰਡ ਕੋਠਾ ਗੁਰੂ ਵਿੱਚ ਨਥਾਣਾ ਸੜਕ ’ਤੇ ਸਥਿੱਤ ਹੱਡਾ ਰੋੜੀ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਨੇੜੇ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਮਰੇ ਹੋਏ ਪਸ਼ੂਆਂ ਦੀ ਬਦਬੂ ਮਾਰਦੀ ਰਹਿੰਦੀ ਹੈ ਤੇ ਇਥੇ ਖੂੰਖਾਰ ਕੁੱਤੇ ਹੋਣ ਕਾਰਨ ਲੋਕ ਖੌਫ਼ਜ਼ਦਾ ਹਨ। ਬਦਬੂ ਕਾਰਨ ਪਿੰਡ ’ਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਹਾਲਾਂਕਿ ਪਿੰਡ ਵਾਸੀਆਂ ਦੇ ਰੌਲ਼ਾ ਪਾਉਣ ’ਤੇ ਇਸ ਦੀ ਚਾਰਦੀਵਾਰੀ ਕਰ ਦਿੱਤੀ ਗਈ ਹੈ ਪਰ ਇਸ ਦੇ ਗੇਟ ਨਾ ਹੋਣ ਕਾਰਨ ਹੱਡਾ ਰੋੜੀ ਦੇ ਕੁੱਤੇ ਮਰੇ ਪਸ਼ੂਆਂ ਦੇ ਹੱਡ ਵਗੈਰਾ ਚੁੱਕ ਕੇ ਰਿਹਾਇਸ਼ੀ ਖੇਤਰ ਵਿੱਚ ਲੈ ਆਉਂਦੇ ਹਨ। ਜਦੋਂ ਪਿੰਡ ਵੱਲ ਹਵਾ ਵਗਦੀ ਹੈ ਤਾਂ ਮਰੇ ਪਸ਼ੂਆਂ ਦੀ ਬਦਬੂ ਲੋਕਾਂ ਦਾ ਜਿਊਣਾ ਦੁੱਭਰ ਕਰ ਕੇ ਰੱਖ ਦਿੰਦੀ ਹੈ। ਕੁਝ ਸਾਲ ਪਹਿਲਾਂ ਤੱਕ ਗਿਰਝਾਂ ਹੱਡਾ ਰੋੜੀ ਵਿਚਲੇ ਮਾਸ ਨੂੰ ਖਾ ਕੇ ਸਫ਼ਾਈ ਕਰ ਦਿੰਦੀਆਂ ਸਨ ਪਰ ਹੁਣ ਗਿਰਝਾਂ ਪੰਜਾਬ ’ਚੋਂ ਲੋਪ ਹੋ ਗਈਆਂ ਹਨ। ਇਸ ਹੱਡਾ ਰੋੜੀ ਦੇ ਆਸ-ਪਾਸ ਆਵਾਰਾ ਕੁੱਤਿਆਂ ਦੇ ਵੱਡੇ-ਵੱਡੇ ਝੁੰਡ ਘੁੰਮਦੇ ਰਹਿੰਦੇ ਹਨ। ਇਹ ਕੁੱਤੇ ਲੋਕਾਂ ਖ਼ਾਸ ਕਰਕੇ ਬੱਚਿਆਂ ਨੂੰ ਵੱਢ ਚੁੱਕੇ ਹਨ। ਇਨ੍ਹਾਂ ਦੇ ਡਰ ਤੋਂ ਮਾਪੇ ਆਪਣੇ ਬੱਚਿਆਂ ਨੂੰ ਇਸ ਸੜਕ 'ਤੇ ਭੇਜਣ ਤੋਂ ਡਰਦੇ ਹਨ। ਰਾਤ ਨੂੰ ਇਸ ਸੜਕ ’ਤੇ ਕੁੱਤਿਆਂ ਦਾ ਰਾਜ ਹੁੰਦਾ ਹੈ। ਇਸੇ ਸੜਕ 'ਤੇ ਪਿੰਡ ਦਾ ਇਤਿਹਾਸਕ ਗੁਰਦੁਆਰਾ ਗੁੰਗਸਰ ਸਾਹਿਬ ਸਥਿੱਤ ਹੈ, ਜਿੱਥੇ ਜਾਣ ਲਈ ਸੰਗਤ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਹੱਡਾ ਰੋੜੀ ਨੂੰ ਇਥੋਂ ਤਬਦੀਲ ਕਰਕੇ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇ।