ਸੜਕ ਦੇ ਨਿਰਮਾਣ ਸਬੰਧੀ ਦੋ ਧਿਰਾਂ ’ਚ ਤਣਾਅ ਬਰਕਰਾਰ
ਪੁਲੀਸ ਨੇ ਟਕਰਾਅ ਰੋਕਣ ਲਈ ਸਡ਼ਕ ਵਿਚਾਲੇ ਖਡ਼੍ਹਾ ਕੀਤਾ ਟਰੈਕਟਰ-ਟਰਾਲੀ
ਪਿੰਡ ਖੁੱਡੀ ਕਲਾਂ ਵਿੱਚ ਸੜਕ ਬਣਾਉਣ ਨੂੰ ਲੈ ਕੇ ਜੋ ਝਗੜਾ ਸੱਤਾਧਾਰੀ ਧਿਰ ਤੇ ਪਿੰਡ ਦੀ ਪੰਚਾਇਤ ਨਾਲ ਹੋਇਆ ਹੈ, ਉਹ ਅਜੇ ਤੱਕ ਕਿਸੇ ਵੀ ਤਣ-ਪੱਤਣ ’ਤੇ ਨਹੀਂ ਲੱਗ ਰਿਹਾ। ਪਿੰਡ ਦੀਆਂ ਦੋਵੇਂ ਧਿਰਾਂ ਵਿਚਾਲੇ ਤਣਾਅ ਬਰਕਰਾਰ ਹੈ। ਇਸ ਝਗੜੇ ਨੂੰ ਲੈ ਕੇ ਰਾਤੀ ਪੁਲੀਸ ਨੇ ਲਗਪਗ 12 ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਧਾਰਾ 7/51 ਤਹਿਤ ਜ਼ਮਾਨਤ ਦੇ ਦਿੱਤੀ ਹੈ। ਨਿਰਮਾਣ ਤਹਿਤ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਦੋਵਾਂ ਧਿਰਾਂ ਨੇ ਧਰਨਾ ਦੇ ਦਿੱਤਾ ਹੈ, ਸੜਕ ਦਾ ਕੰਮ ਠੱਪ ਹੋ ਗਿਆ ਹੈ। ਸੱਤਾਧਾਰੀ ਆਗੂ ਸੜਕ ਦੇ ਨਿਰਮਾਣ ਨੂੰ ਸਿਰੇ ਲਾਉਣਾ ਚਾਹੁੰਦੇ ਹਨ, ਦੂਜੀ ਧਿਰ ਬਜ਼ਿੱਦ ਹੈ ਕਿ ਪਹਿਲਾਂ ਸੀਵਰੇਜ ਦੀ ਪਾਈਪ ਦੱਬੀ ਜਾਵੇ। ਵਿਰੋਧੀ ਧਿਰ ਦੀ ਅਗਵਾਈ ਬਰਨਾਲਾ ਵਿਧਾਇਕ, ਜੋ ਕਾਂਗਰਸ ਨਾਲ ਸਬੰਧਤ ਹੈ, ਕਰ ਰਿਹਾ ਹੈ। ਵਿਧਾਇਕ ਦਾ ਸਾਥ ‘ਆਪ’ ਪਾਰਟੀ ਦਾ ਵਿਰੋਧੀ ਆਗੂ ਗੁਰਦੀਪ ਸਿੰਘ ਬਾਠ ਦੇ ਰਿਹਾ ਹੈ। ਬਾਠ ਨੇ ਆਪਣੇ ਸਮੱਰਥਕਾਂ ਨਾਲ ਪਹੁੰਚ ਕੇ ਸੜਕ ਦੇ ਨਿਰਮਾਣ ਦਾ ਵਿਰੋਧ ਕੀਤਾ ਹੈ। ਉਕਤ ਵਿਰੋਧੀ ਧਿਰ ਦੇ ਵਰਕਰਾਂ ਵੱਲੋਂ ਵਿਧਾਇਕ ਢਿੱਲੋਂ ਤੇ ਗੁਰਦੀਪ ਬਾਠ ਨਾਲ ਮਿਲ ਕੇ ਸੜਕ ਦੇ ਇੱਕ ਕਿਨਾਰੇ ’ਤੇ ਧਰਨਾ ਲਾ ਦਿੱਤਾ ਹੈ। ਦੂਜੇ ਕਿਨਾਰੇ ’ਤੇ ਸੱਤਾ ਧਿਰ ਦੇ ਆਗੂਆਂ ਦੇ ਸਮਰਥਕਾਂ ਨੇ ਧਰਨਾ ਦੇ ਦਿੱਤਾ ਹੈ। ਝਗੜੇ ਨੂੰ ਰੋਕਣ ਲਈ ਪ੍ਰਸਾਸ਼ਨ ਨੇ ਦੋਵਾਂ ਧਿਰਾਂ ਦੇ ਵਿਚਾਲੇ, ਸੜਕ ’ਤੇ ਇੱਕ ਟਰੈਕਟਰ-ਟਰਾਲੀ ਸਮੇਤ ਖੜ੍ਹਾ ਕਰ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲਾ ਜਿਉਂ ਦਾ ਤਿਉਂ ਸੀ।