ਸ਼ੰਗਾਰਾ ਸਿੰਘ ਅਕਲੀਆ
ਜੋਗਾ, 17 ਦਸੰਬਰ
ਪਿੰਡ ਅਕਲੀਆ ਦੀ ਪੁਰਾਣੀ ਅਨਾਜ ਮੰਡੀ ਨੇੜੇ ਅੱਜ ਇੱਕ ਘਰ ਵਿੱਚ ਕ੍ਰਿਸਮਸ ਸਬੰਧੀ ਸਵੇਰੇ 11 ਵਜੇ ਤੋਂ 2 ਵਜੇ ਤੱਕ ਨਾਮ ਚਰਚਾ ਕਰਵਾਈ ਗਈ। ਜਦੋਂ ਇਸ ਨਾਮ ਚਰਚਾ ਦੀ ਭਿਣਕ ਸਿੱਖ ਨੌਜਵਾਨ ਲਵਪ੍ਰੀਤ ਸਿੰਘ ਅਕਲੀਆ ਨੂੰ ਲੱਗੀ ਤਾਂ ਉਨ੍ਹਾਂ ਗੁਰਦੁਆਰਾ ਕੇਰ ਵਾਲਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਸਿੱਖ ਸੰਗਤ ਨੂੰ ਇੱਕਠੇ ਹੋਣ ਦਾ ਹੋਕਾ ਦੇ ਦਿੱਤਾ। ਕੁਝ ਮਿੰਟਾਂ ’ਚ ਸਿੱਖ ਜਥੇਬੰਦੀਆਂ ਅਤੇ ਨੌਜਵਾਨਾਂ ਦਾ ਇੱਕਠ ਹੋ ਗਿਆ। ਇੱਕਠੇ ਹੋਏ ਲੋਕਾਂ ਨੇ ਟਰੈਕਟਰ ’ਤੇ ਲਾਊਡ ਸਪੀਕਰ ਲਾ ਕੇ ਨਾਮ ਚਰਚਾ ਵੱਲ ਵਧਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਡੀਐੱਸਪੀ ਬੂਟਾ ਸਿੰਘ ਗਿੱਲ, ਥਾਣਾ ਜੋਗਾ ਮੁਖੀ ਕੇਵਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਲੋਕਾਂ ਨੂੰ ਘੇਰਾ ਪਾ ਕੇ ਲੋਕ ਲਿਆ। ਨਾਮ ਚਰਚਾ ਦਾ ਵਿਰੋਧ ਕਰ ਰਹੇ ਸਿੱਖ ਨੌਜਵਾਨਾਂ ਲਵਪ੍ਰੀਤ ਸਿੰਘ ਅਕਲੀਆ ਅਤੇ ਜਗਸੀਰ ਸਿੰਘ ਜੋਗਾ ਨੇ ਸਿੱਖ ਕੌਮ ਨੂੰ ਆਪਣੇ ਹੱਕਾਂ ਲਈ ਇੱਕਜੁਟਤਾ ਨਾਲ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਕੇ ਸਿੱਖਾਂ ਨੂੰ ਇਨਸਾਫ਼ ਦੇਵੇ। ਇਸ ਮੌਕੇ ਸਿੱਖ ਕਾਰਕੂਨਾਂ ਵੱਲੋਂ ਖਲਿਸਤਾਨ ਜ਼ਿੰਦਾਬਾਦ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।