DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਂਸ਼ਿਵਰਾਤਰੀ ਮੌਕੇ ਮੰਦਰਾਂ ’ਚ ਰੌਣਕਾਂ

ਬਠਿੰਡਾ ’ਚ ਸ਼ਰਧਾਲੂੁਆਂ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ; ਮਾਨਸਾ ’ਚ ਸ਼ੋਭਾ ਯਾਤਰਾ ਕੱਢੀ
  • fb
  • twitter
  • whatsapp
  • whatsapp
featured-img featured-img
ਬਠਿੰਡਾ ਦੇ ਇੱਕ ਮੰਦਰ ’ਚ ਪੂਜਾ ਕਰਦੇ ਹੋਏ ਸ਼ਰਧਾਲੂ। -ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ

ਬਠਿੰਡਾ, 26 ਫਰਵਰੀ

Advertisement

ਬਠਿੰਡਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਅੱਜ ਮਹਾਂਸ਼ਿਵਰਾਤਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸ਼ਰਧਾਲੂਆਂ ਦੀ ਭੀੜ ਸਵੇਰ ਤੋਂ ਹੀ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਮੰਦਰਾਂ ’ਚ ਉਮੜ ਪਈ। ਬਠਿੰਡਾ ਦੇ ਪ੍ਰਮੁੱਖ ਮੰਦਰਾਂ, ਜਿਵੇਂ ਕਿ ਸ਼ਿਵ ਮੰਦਰ ਪਾਵਰ ਹਾਊਸ ਰੋਡ, ਪ੍ਰਾਚੀਨ ਮੰਦਰ ਮਹਿਣਾ ਚੌਕ, ਅਤੇ ਚਿੰਤਾਪੁਰਣੀ ਮਾਤਾ ਮੰਦਰ, ਵਿਖੇ ਪੂਜਾ ਲਈ ਸ਼ਰਧਾਲੂਆਂ ਦੀ ਲੰਮੀ ਲਾਈਨਾਂ ਲੱਗੀਆਂ ਰਹੀਆਂ। ਇਸ ਦੌਰਾਨ ਮੰਦਰਾਂ ’ਚ ਵਿਸ਼ੇਸ਼ ਭਜਨ-ਕੀਰਤਨ, ਸ਼ਿਵ ਅਭਿਸੇਕ ਅਤੇ ਹਵਨ-ਯੱਗ ਕੀਤੇ ਗਏ। ਪੁਜਾਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ’ਤੇ ਭਗਵਾਨ ਸ਼ਿਵ ਦੀ ਵਿਸ਼ੇਸ਼ ਅਰਾਧਨਾ ਕਰਨਾ ਅਤਿ ਸ਼ੁਭ ਮੰਨੀ ਜਾਂਦੀ ਹੈ। ਇਸ ਦੌਰਾਨ ਕਈ ਸੇਵਾ ਸੰਸਥਾਵਾਂ ਨੇ ਭੰਡਾਰੇ ਤੇ ਲੰਗਰ ਲਗਾਏ। ਸ਼ਰਧਾਲੂਆਂ ਨੂੰ ਦੁੱਧ, ਚਾਹ, ਖੀਰ, ਤੇ ਹੋਰ ਪ੍ਰਸਾਦਿ ਵੰਡਿਆ ਗਿਆ।

ਮਾਨਸਾ ’ਚ ਸ਼ੋਭਾ ਯਾਤਰਾ ਰਵਾਨਾ ਕਰਦੇ ਹੋਏ ਵਿਧਾਇਕ ਡਾ. ਵਿਜੈ ਸਿੰਗਲਾ। -ਫੋਟੋ: ਸੁਰੇਸ਼

ਮਾਨਸਾ (ਜੋਗਿੰਦਰ ਸਿੰਘ ਮਾਨ): ਸ਼ਹਿਰ ਦੇ ਵੱਖ-ਵੱਖ ਮੰਦਿਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਸਾਰੇ ਮੰਦਰਾਂ ਨੂੰ ਦੁਲਹਣ ਵਾਂਗ ਸਜਾਏ ਗਏ। ਇਸੇ ਦੌਰਾਨ ਸ਼ਹਿਰ ਵਿੱਚ ਸ਼ਿਵਰਾਤਰੀ ਨੂੰ ਲੈ ਕੇ ਸ਼ਰਧਾਲੂਆਂ ਵੱਲੋਂ ਇੱਕ ਯਾਤਰਾ ਵੀ ਕੱਢੀ ਗਈ, ਜਿਸ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਰਵਾਨਾ ਕੀਤਾ ਗਿਆ। ਬੁੱਧਵਾਰ ਦੀ ਸਵੇਰ ਹੁੰਦੇ ਹੀ ਮੰਦਿਰਾਂ ’ਚ ਔਰਤਾਂ, ਲੜਕੀਆਂ ਅਤੇ ਸ਼ਿਵ ਭਗਤਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। ਗੀਤਾ ਭਵਨ ’ਚ ਆਚਾਰੀਆ ਅਮਿਤ ਸ਼ਾਸਤਰੀ ਨੇ ਪੂਜਾ ਕਰਵਾਈ।

ਫਰੀਦਕੋਟ (ਜਸਵੰਤ ਜੱਸ): ਅੱਜ ਫਰੀਦਕੋਟ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਮਹਾਂਸ਼ਿਵਰਾਤਰੀ ਮੌਕੇ 100 ਤੋਂ ਵੱਧ ਸਮਾਗਮ ਹੋਏ ਜਿਨ੍ਹਾਂ ਵਿੱਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ।

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸ਼ਿਵਰਾਤਰੀ ਮੌਕੇ ਸ਼ਹਿਣਾ ਦੇ ਸਾਰੇ ਮੰਦਰਾਂ ’ਚ ਭੀੜ ਰਹੀ। ਲਾਗਲੇ ਪਿੰਡ ਚੀਮਾ, ਉਗੋਕੇ, ਭਗਤਪੁਰਾ, ਮੌੜ ’ਚ ਵੀ ਸਮਾਗਮ ਹੋਏ। ਸ਼ਿਵ ਪ੍ਰਤਾਪੀ ਮੰਦਰ ਸਣੇ ਅੱਧੀ ਦਰਜ਼ਨ ਥਾਵਾਂ ’ਤੇ ਲੰਗਰ ਵੀ ਲਾਏ ਗਏ।

ਤਪਾ ਮੰਡੀ (ਰੋਹਿਤ ਗੋਇਲ): ਮਹਾਂਸ਼ਿਵਰਾਤਰੀ ਮੌਕੇ ਅੱਜ ਤਪਾ ਦੇ ਮੰਦਰਾਂ ’ਚ ਸ਼ਰਧਾਲੂਆਂ ਨੇ ਪੂਰਾ ਦਿਨ ਭਗਵਾਨ ਸ਼ਿਵ ਦਾ ਗੁਣਗਾਨ ਤੇ ਪੂਜਾ ਕੀਤੀ। ਸ਼ਹਿਰ ਵਾਸੀਆਂ ਨੇ ਹਰਿਦੁਆਰ ਤੋਂ ਪੈਦਲ ਯਾਤਰਾ ਰਾਹੀਂ ਗੰਗਾ ਜਲ ਲੈ ਕੇ ਪੁੱਜੇ ਕਾਂਵੜੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਅਤੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸਥਾਨਕ ਕੋਟਕਪੁਰਾ ਰੋਡ, ਸਦਰ ਬਾਜ਼ਾਰ ਸਥਿਤ ਸ਼ਿਵ ਮੰਦਿਰ ਤੇ ਹੋਰ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਐੱਸਐੱਸਪੀ ਡਾ. ਅਖਿਲ ਚੌਕਸੀ ਨੇ ਖੁਦ ਮੰਦਰਾਂ ’ਚ ਜਾ ਕੇ ਪੂਜਾ ਕੀਤੀ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਭਦੌੜ (ਰਾਜਿੰਦਰ ਵਰਮਾ): ਇੱਥੋਂ ਦੇ ਪ੍ਰਚੀਨ ਮੰਦਰ ਗਿਆਰਾਂ ਰੁਦਰ ਸ਼ਿਵ ਮੰਦਰ ਪੱਥਰਾਂ ਵਾਲੀ, ਗਿਆਰਾਂ ਰੁਦਰ ਸ਼ਿਵ ਮੰਦਰ ਬਾਗ ਵਾਲਾ ਤੇ ਸ਼ਿਵ ਦਿਆਲਾ ਮੰਦਰ ਬੱਸ ਸਟੈਂਡ ’ਤੇ ਰਾਤ ਸਮੇਂ ਮਹਾਂਸ਼ਿਵਰਾਤਰੀ ਦਿਹਾੜੇ ’ਤੇ ਤਰੌਦਸੀ ਮੇਲਾ ਕਰਵਾਇਆ ਗਿਆ। ਇਸ ਮੌਕੇ ਪੂਜਾ ਅਰਚਨਾ ਤੇ ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਵਿਧਾਇਕ ਕੁਲਦੀਪ ਸਿੰਘ ਢਿੱਲੋਂ, ਗੁਰਤੇਜ ਸਿੰਘ ਸੰਧੂ ਨੈਣੇਵਾਲ, ਪ੍ਰਬਧੰਕ ਕਮੇਟੀ ਭਦੌੜ ਦੇ ਪ੍ਰਧਾਨ ਹੀਰਾ ਲਾਲ ਸਿੰਗਲਾ, ਪ੍ਰਧਾਨ ਹਰੀਸ਼ ਕੁਮਾਰ ਗਰਗ ਨੇ ਸ਼ਿਵਰਾਤਰੀ ਦੀ ਵਧਾਈ ਦਿੱਤੀ।

ਕੋਟਕਪੂਰਾ: ਮਹਾਂਸ਼ਿਵਰਾਤਰੀ ਮੌਕੇ ਡਰੋਨ ਤੇ ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ

ਕੋਟਕਪੂਰਾ (ਬਲਵਿੰਦਰ ਸਿੰਘ ਹਾਲੀ): ਮਹਾਂਸ਼ਿਵਰਾਤਰੀ ਮੌਕੇ ’ਤੇ ਸ਼ਰਧਾਲੂਆਂ ਦੀ ਸੁਰੱਖਿਆ ਤਹਿਤ ਮੰਦਰਾਂ ਵਿੱਚ ਡਰੋਨ ਸਮੇਤ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਗਈ। ਫਰੀਦਕੋਟ ਦੀ ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ ਇਥੇ ਰਾਧਾ ਕ੍ਰਿਸ਼ਨ ਮੰਦਰ ਵਿੱਚ ਵੱਖ-ਵੱਖ ਮੰਦਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਸੁਰੱਖਿਆ ਪ੍ਰਬੰਧਾਂ ਲਈ ਨਿਯੁਕਤ ਓਵਰਆਲ ਸੁਪਰਵਾਈਜ਼ਰ ਅਫਸਰ ਐਸਪੀ ਜਸਮੀਤ ਸਿੰਘ, ਬਲਜੀਤ ਸਿੰਘ ਭੁੱਲਰ, ਡੀਐਸਪੀ ਜਤਿੰਦਰ ਸਿੰਘ ਅਤੇ ਐਸਐਚਓ ਮਨੋਜ ਕੁਮਾਰ ਵੀ ਮੌਜੂਦ ਸਨ। ਐੱਸਐੱਸਪੀ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਹੈਲਪ ਡੈਸਕ ਤੇ ਪਾਰਕਿੰਗ ਲਈ ਸੁਚਾਰੂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮੁਤਾਬਕ ਤਿਉਹਾਰ ਦੇ ਮੱਦੇਨਜ਼ਰ ਲਗਪਗ 650 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ, ਜਿਨ੍ਹਾਂ 8 ਗਜ਼ਟਿਡ ਅਧਿਕਾਰੀ ਸ਼ਾਮਲ ਹਨ। ਵੱਖਵੱਖ ਜਨਤਕ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਐਟੀਸਾਬੋਟਾਜ਼ ਟੀਮ ਵੱਲੋਂ ਚੈਕਿੰਗ ਵੀ ਕੀਤੀ ਗਈ ਹੈ। ਇਸ ਦੌਰਾਨ ਐੱਸਐੱਸਪੀ ਨੇ ਵੱਖ-ਵੱਖ ਮੰਦਰਾਂ ’ਚ ਮੱਥਾ ਵੀ ਟੇਕਿਆ।

Advertisement
×