ਮਾਨਸਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ
ਮਾਨਸਾ ਸ਼ਹਿਰ ਵਿੱਚ ਮਨਾਏ ਤੀਆਂ ਦੇ ਤਿਉਹਾਰ ’ਚ ਕੁੜੀਆਂ ਨੇ ਬੋਲੀਆਂ, ਗੀਤ, ਸੰਗੀਤ, ਗਿੱਧਾ ਤੇ ਲੋਕ ਤੱਥ ਗਾ ਕੇ ਪੰਜਾਬਣਾਂ ਦੇ ਰਹਿਣ-ਸਹਿਣ ਅਤੇ ਇਸ ਤਿਉਹਾਰ ਦੀ ਮਹੱਤਤਾ ਦਰਸਾਈ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੀਤ ਕੌਰ ਕੜਵਲ, ਆਸ਼ੂ ਰਾਣੀ ਨੇ ਕਿਹਾ ਕਿ ਤੀਆਂ ਕੁੜੀਆਂ ਦਾ ਮੇਲ ਮਿਲਾਪ ਤੇ ਸਾਂਝ ਬਣਾਈ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਰੁਝੇਵੇਂ ਜ਼ਿਆਦਾ ਹੋਣ ਕਰ ਕੇ ਲੋਕ ਪੁਰਾਤਨ ਸੱਭਿਅਤਾ ਤੇ ਤਿਉਹਾਰ ਭੁੱਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੀਆਂ ਬੇਸ਼ੱਕ ਪਹਿਲਾਂ ਦੀ ਤਰ੍ਹਾਂ ਨਹੀਂ ਮਨਾਈਆਂ ਜਾਂਦੀਆਂ, ਪਰ ਅੱਜ ਵੀ ਤੀਆਂ ਮੌਕੇ ਮੁਟਿਆਰਾਂ ਇਕੱਠੀਆਂ ਹੁੰਦੀਆਂ ਹਨ। ਇਸ ਮੌਕੇ ਕੋਮਲ, ਪੁਸ਼ਪਿੰਦਰ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਕੁਸਮ ਰਾਣੀ ਤੇ ਸੁਮਨ ਬਾਲਾ ਵੀ ਮੌਜੂਦ ਸਨ।
ਇਥੋਂ ਦੇ ਪਿੰਡ ਕਰੀਵਾਲਾ ਤੇ ਜੋਧਕਾਂ ਸਣੇ ਕਈ ਪਿੰਡਾਂ ਵਿੱਚ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪਿੰਡ ਕਰੀਵਾਲਾ ਵਿੱਚ ਆਂਗਣਵਾੜੀ ਵਰਕਰਾਂ ਸੇਵਾਤਪਾਲ ਕੌਰ, ਸਰਬਜੀਤ ਕੌਰ, ਦਵਿੰਦਰ ਕੌਰ, ਰਮਨਦੀਪ ਕੌਰ, ਰੁਪਿੰਦਰਜੀਤ ਕੌਰ, ਮੀਰਾ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸੇ ਤਰ੍ਹਾਂ ਜੋਧਕਾਂ ਦੇ ਸਰਕਾਰੀ ਸਕੂਲ ਵਿੱਚ ਤੀਜ ਮਨਾਈਆਂ। ਇਸ ਮੌਕੇ ਸੁੰਦਰ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਔਰਤਾਂ ਨੇ ਗੀਤ, ਸੰਗੀਤ ਅਤੇ ਮਹਿੰਦੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।