ਤਰਪਾਲਾਂ ਦੁੱਗਣੇ ਭਾਅ ’ਤੇ ਵਿਕੀਆਂ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਲਗਾਤਰ ਪੈ ਰਹੇ ਮੀਂਹ ਕਾਰਨ ਛੱਤਾਂ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਲੋਕਾਂ ਵਲੋਂ ਤਰਪਾਲਾਂ ਖ਼ਰੀਦੀਆਂ ਜਾ ਰਹੀਆਂ ਹਨ। ਲਗਾਤਾਰ ਦੋ ਦਿਨਾਂ ਤੋਂ ਤਰਪਾਲਾਂ ਦੀ ਧੜੱਲੇ ਨਾਲ ਵਿਕਰੀ ਹੋ ਰਹੀ ਹੈ। ਇਸ ਦੀ ਮੰਗ ਵਧਣ ਕਾਰਨ ਇਹ ਬਲੈਕ ਵੀ ਹੋ ਰਹੀ ਹੈ ਅਤੇ ਪਿੰਡਾਂ ਵਿੱਚ ਦੁੱਗਣੇ ਭਾਅ ’ਤੇ ਵੇਚਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਪੌਲੀਥੀਨ ਦੀ ਤਰਪਾਲ ਦਾ ਰੇਟ ਆਮ ਤੌਰ ’ਤੇ 80 ਤੋਂ 100 ਰੁਪਏ ਰਿਹਾ ਹੈ ਪਰ ਇਨ੍ਹਾਂ ਦੋ ਦਿਨਾਂ ਵਿੱਚ ਇਹ 250 ਤੋਂ 350 ਰੁਪਏ ਕਿਲੋ ਦੇ ਹਿਸਾਬ ਨਾਲ ਵਿਕੀ। ਪੌਲੀਥੀਨ ਤਰਪਾਲ ਦੀ ਮੰਗ ਏਨੀ ਵਧੀ ਹੈ ਕਿ ਪਿਛੇ ਤੋਂ ਇਸ ਦੀ ਸਪਲਾਈ ਵੀ ਪੂਰੀ ਨਹੀਂ ਹੋ ਰਹੀ। ਹੋਲਸੇਲ ਵਪਾਰੀ ਮੱਖਣ ਲਾਲ ਨੇ ਦੱਸਿਆ ਕਿ ਬੀਤੇ ਕੱਲ੍ਹ ਤੋਂ ਜਿੰਨਾ ਸਟਾਕ ਲਿਫਾਫੇ ਦਾ ਉਨ੍ਹਾਂ ਕੋਲ ਮੌਜੂਦ ਸੀ, ਸਭ ਵਿਕ ਗਿਆ ਹੈ ਅਤੇ ਪਿੰਡਾਂ ਵਿੱਚੋਂ ਇਸਦੀ ਹੋਰ ਮੰਗ ਆ ਰਹੀ ਹੈ। ਜਦਕਿ ਇੱਕ ਕਿਸਾਨ ਭੂਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਲਈ ਤਰਪਾਲ ਨੂੰ 350 ਰੁਪਏ ਖ਼ਰੀਦਿਆ ਹੈ। ਇਸ ਤੋਂ ਘੱਟ ਕੋਈ ਵੀ ਦੁਕਾਨਦਾਰ ਨਹੀਂ ਦੇ ਰਿਹਾ। ਇਸ ਸਬੰਧੀ ਡੀਸੀ ਬਰਨਾਲਾ ਟੀ. ਬੈਨਿਥ ਦਾ ਕਹਿਣਾ ਹੈ ਕਿ ਇਸ ਆਫ਼ਤ ਵਿੱਚ ਜੇ ਕੋਈ ਵੀ ਵਪਾਰੀ, ਦੁਕਾਨਦਾਰ ਜਾਂ ਵਿਅਕਤੀ ਲੋੜੀਂਦੀ ਚੀਜ਼ ਨੂੰ ਬਲੈਕ ਜਾਂ ਵੱਧ ਕੀਮਤ ’ਤੇ ਵੇਚੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।