ਹਿਮਾਚਲ ਪ੍ਰਦੇਸ਼ ਜੁਡੀਸ਼ਲ ਸਰਵਿਸਿਜ਼ ਪ੍ਰੀਖਿਆ ਦੇ ਨਤੀਜੇ ’ਚ ਮੌੜ ਮੰਡੀ ਦੀ ਤਾਨੀਆ ਨੇ ਅੱਠਵਾਂ ਰੈਂਕ ਹਾਸਲ ਕਰ ਕੇ ਜੱਜ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਤਾਨੀਆ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਿਤਾ ਰਾਕੇਸ਼ ਕੁਮਾਰ ਅਤੇ ਮਾਤਾ ਰੇਖਾ ਰਾਣੀ ਨੂੰ ਦਿੱਤਾ ਹੈ। ਨਤੀਜੇ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਤਾਨੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਮੌੜ ਮੰਡੀ ਦਾ ਨਾਮ ਸਾਰੇ ਦੇਸ਼ ਵਿਚ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਦੀ ਪ੍ਰੀਖਿਆ ਵਿਚ 425 ਉਮੀਦਵਾਰਾਂ ਨੇ ਲਿਖਤੀ ਪੇਪਰ ਪਾਸ ਕੀਤਾ ਸੀ, ਜਿਨ੍ਹਾਂ ਵਿਚੋਂ 63 ਨੂੰ ਇੰਟਰਵਿਊ ਲਈ ਚੁਣਿਆ ਗਿਆ। ਅੰਤ ਵਿੱਚ 21 ਵਿਦਿਆਰਥੀਆਂ ਦੀ ਚੋਣ ਜੱਜ ਬਣਨ ਲਈ ਹੋਈ ਜਿਸ ’ਚ ਤਾਨੀਆ ਅੱਠਵੇਂ ਸਥਾਨ ’ਤੇ ਰਹੀ। ਤਾਨੀਆ ਨੇ ਆਪਣੀ ਮੁੱਢਲੀ ਪੜ੍ਹਾਈ ਐੱਮ ਐੱਸ ਡੀ ਸਕੂਲ ਮੌੜ ਤੋਂ, ਦਸਵੀਂ ਤੇ ਬਾਰਹਵੀਂ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਤੋਂ ਕੀਤੀ। ਉਸ ਵੱਲੋਂ ਐੱਲ ਐੱਲ ਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਅਤੇ ਇਸ ਸਮੇਂ ਤਾਨੀਆ ਐੱਲ ਐੱਲ ਐੱਮ ਕਰ ਰਹੀ ਹੈ। ਤਾਨੀਆ ਨੇ ਕਿਹਾ ਕਿ ਬਚਪਨ ਤੋਂ ਹੀ ਉਸ ਦਾ ਸੁਫ਼ਨਾ ਜੱਜ ਬਣ ਕੇ ਸਮਾਜ ਨੂੰ ਇਨਸਾਫ਼ ਦਿਉਣਾ ਸੀ। ਇਸ ਸਫ਼ਲਤਾ ’ਤੇ ਮੌੜ ਮੰਡੀ ਦੇ ਧਾਰਮਿਕ, ਸਮਾਜ ਸੇਵੀ ਤੇ ਵਪਾਰਕ ਵਰਗਾਂ ਵੱਲੋਂ ਤਾਨੀਆ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ।